Saturday, October 17, 2026
Home Crime BDPO ਦਫ਼ਤਰ ਦਾ ਸੁਪਰਡੈਂਟ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ

BDPO ਦਫ਼ਤਰ ਦਾ ਸੁਪਰਡੈਂਟ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਵਿਜੀਲੈਂਸ ਬਿਊਰੋ ਨੇ 60 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਆਰੋਪ ਵਿੱਚ ਬੀਡੀਪੀਓ ਦਫ਼ਤਰ ਦੇ ਸੁਪਰਡੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਸਤਨਾਮ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀਡੀਪੀਓ), ਵੇਰਕਾ ਬਲਾਕ, ਰਾਣੀ-ਕਾ-ਬਾਗ, ਅੰਮ੍ਰਿਤਸਰ ਦੇ ਸੁਪਰਡੈਂਟ ਵਜੋਂ ਹੋਈ ਹੈ, ਜਿਸ ਨੇ ਗਲੀ ਉੱਤੇ ਕਬਜ਼ੇ ਦੀ ਸ਼ਿਕਾਇਤ ‘ਤੇ ਸਰਕਾਰੀ ਕਾਰਵਾਈ ਦੇ ਬਦਲੇ ਪਿੰਡ ਨਬੀਪੁਰ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਵਸਨੀਕ ਤੋਂ 60 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਉਹਨਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸਨੇ ਬੀਡੀਪੀਓ ਬਲਾਕ ਵੇਰਕਾ ਲਖਵਿੰਦਰ ਕੌਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਗੁਆਂਢੀ ਗੁਰਵਿੰਦਰ ਸਿੰਘ ਨੇ ਉਸਦੇ ਘਰ ਨੂੰ ਜਾਣ ਵਾਲੀ ਗਲੀ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੈ। ਬੀਡੀਪੀਓ ਨੇ ਇਹ ਮਾਮਲਾ ਉਕਤ ਸੁਪਰਡੈਂਟ ਨੂੰ ਅੱਗੇ ਭੇਜ ਦਿੱਤਾ, ਜਿਸ ਨੇ ਇਹ ਸ਼ਿਕਾਇਤ ਤੇ ਜੂਨੀਅਰ ਇੰਜੀਨੀਅਰ ਮੋਹਿਤ ਕੁਮਾਰ ਅਤੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਨੂੰ ਤੱਥਾਂ ਦੀ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਸਨ।

Advertisements

ਇਸ ਜਾਂਚ ਦੀ ਤਸਦੀਕ ਤੋਂ ਪਤਾ ਲੱਗਾ ਕਿ ਸਰਕਾਰੀ ਗਲੀ ‘ਤੇ ਕਬਜ਼ਾ ਕਰਨ ਦੀ ਸ਼ਿਕਾਇਤ ਸਹੀ ਸੀ, ਜਿਸ ਕਾਰਨ ਉਸ ਵਿਅਕਤੀ ‘ਤੇ 3,284 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਕਈ ਵਾਰ ਨੋਟਿਸ ਦੇਣ ਦੇ ਬਾਵਜੂਦ, ਕਬਜ਼ਾਧਾਰਕ ਨੇ ਇਸ ਨੋਟਿਸ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਬੀਡੀਪੀਓ ਦਫ਼ਤਰ ਨੂੰ ਗੈਰ-ਕਾਨੂੰਨੀ ਢਾਂਚੇ ਨੂੰ ਹਟਾਉਣ ਲਈ ਪੁਲਿਸ ਸਹਾਇਤਾ ਦੀ ਬੇਨਤੀ ਕਰਨੀ ਪਈ। ਹਾਲਾਂਕਿ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ, ਸੁਪਰਡੈਂਟ ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਦੀ ਇੱਕ ਹੋਰ ਸ਼ਿਕਾਇਤ ਉੱਤੇ ਅਗਲੇਰੀ ਕਾਰਵਾਈ ਉਤੇ ਅਮਲ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੂੰ 20 ਹਜ਼ਾਰ ਰੁਪਏ ਪੇਸ਼ਗੀ ਵਜੋਂ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਨੇ ਗੂਗਲ ਪੇਅ ਰਾਹੀਂ 10 ਹਜ਼ਾਰ ਰੁਪਏ ਉਕਤ ਸਤਨਾਮ ਸਿੰਘ ਦੇ ਖਾਤੇ ਵਿੱਚ ਪਾ ਦਿੱਤੇ। ਇਸ ਤੋਂ ਬਾਅਦ ਵਿਭਾਗ ਨੇ ਪੁਲਿਸ ਦੀ ਸਹਾਇਤਾ ਨਾਲ ਗਲੀ ਵਿੱਚ ਲੱਗੇ ਗੈਰ-ਕਾਨੂੰਨੀ ਥੰਮ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਉਪਰੰਤ ਸ਼ਿਕਾਇਤਕਰਤਾ ਦੇ ਗੁਆਂਢੀ ਨੇ ਬਦਲੇ ਦੀ ਕਾਰਵਾਈ ਕਰਦਿਆਂ ਪਿੰਡ ਦੇ ਨਾਲੇ ਨੂੰ ਬਲੌਕ ਕਰ ਦਿੱਤਾ ਸੀ ਜਿਸ ਕਰਕੇ ਸ਼ਿਕਾਇਤਕਰਤਾ ਨੂੰ ਮਜ਼ਬੂਰਨ ਦੁਬਾਰਾ ਉਕਤ ਸੁਪਰਡੈਂਟ ਕੋਲ ਪਹੁੰਚ ਕਰਨੀ ਪਈ।

ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਪਹਿਲਾਂ ਦਿੱਤੀ ਹੋਈ ਰਿਸ਼ਵਤ ਬਾਰੇ ਚੁੱਪ ਰਹੇ ਨਹੀਂ ਤਾਂ ਉਹ ਉਸ ਵੱਲੋਂ ਨਾਲੇ ਦੇ ਬਾਰੇ ਦਿੱਤੀ ਸ਼ਿਕਾਇਤ ਵਿੱਚ ਕੋਈ ਮੱਦਦ ਨਹੀਂ ਕਰੇਗਾ। ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਦੇ ਥਾਣਾ, ਅੰਮ੍ਰਿਤਸਰ ਰੇਂਜ ਵਿਖੇ ਸਤਨਾਮ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸੋਂ ਤੋਂ ਬਾਅਦ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here