
ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੇ ਮਖੂ ਗੇਟ ਇਲਾਕੇ ਵਿੱਚ ਸਥਿਤ ਟੈਟੂ ਬਣਾਉਣ ਵਾਲੀ ਦੁਕਾਨ ’ਤੇ ਹੋਏ ਆਸ਼ੂ ਮੋਂਗਾ ਕਤਲ ਕੇਸ ਵਿੱਚ ਦੋ ਆਰੋਪੀਆਂ ਦੀ ਪਹਿਲਾਂ ਗ੍ਰਿਫ਼ਤਾਰੀ ਹੋ ਗਈ ਹੈ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅਧਿਕਾਰੀਆ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਦੀ ਇੱਕ ਸਾਂਝੀ ਟੀਮ ਨੇ ਪਿੰਡ ਰੱਤਾ ਖੇੜਾ ਵਿੱਚੋਂ ਲੰਘਦੇ ਸੇਮ ਨਾਲੇ ’ਤੇ ਲੋੜੀਂਦੇ ਤਿੰਨ ਬਦਮਾਸ਼ਾਂ ਨੂੰ ਘੇਰ ਲਿਆ। ਇਸ ਦੌਰਾਨ ਬਦਮਾਸ਼ਾਂ ਵੱਲੋਂ ਪੁਲਿਸ ’ਤੇ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਗੋਲੀ ਲੱਗਣ ਕਾਰਨ ਤਿੰਨੋਂ ਮੁਲਜ਼ਮ ਜ਼ਖਮੀ ਹੋ ਗਏ।

ਮੌਕੇ ’ਤੇ ਪਹੁੰਚੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਹਿਚਾਣ ਸੋਨੂੰ, ਗੁਰਜਿੰਦਰ ਸਿੰਘ ਉਰਫ਼ ਘੋੜਾ, ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਆਸ਼ੂ ਮੋਂਗਾ ਕਤਲ ਕੇਸ ਵਿੱਚ ਪੁਲਿਸ ਨੂੰ ਲੋੜੀਂਦੇ ਸਨ। ਕਾਬੂ ਕੀਤੇ ਗਏ ਤਿੰਨਾਂ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀਆਈਜੀ ਕਿਹਾ, ‘‘ਮੁਲਜ਼ਮ ਗੁਰਜਿੰਦਰ ਸਿੰਘ ਦੇ ਦੋ ਗੋਲੀਆਂ ਲੱਗੀਆਂ ਹਨ, ਜਦੋਂ ਕਿ ਬਾਕੀ ਦੋਵਾਂ ਮੁਲਜ਼ਮਾਂ ਦੇ ਇੱਕ-ਇੱਕ ਗੋਲੀ ਲੱਗੀ ਹੈ। ਹਾਲਾਂਕਿ ਤਿੰਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।’’ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਠਭੇੜ ਉਪਰੰਤ ਮੁਲਜ਼ਮਾਂ ਕੋਲੋਂ ਚਾਰ ਪਿਸਟਲ ਬਰਾਮਦ ਕੀਤੇ ਗਏ ਹਨ ਅਤੇ ਬਾਕੀ ਆਰੋਪੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।












