Monday, October 12, 2026
Home Hoshiarpur ਭਾਸ਼ਾ ਵਿਭਾਗ ਵੱਲੋਂ ‘ਪੰਜਾਬੀ ਦੁਨੀਆ’ ਰਸਾਲੇ ਦੇ ਡਾ. ਜਗਤਾਰ ਵਿਸ਼ੇਸ਼ ਅੰਕ ਲਈ...

ਭਾਸ਼ਾ ਵਿਭਾਗ ਵੱਲੋਂ ‘ਪੰਜਾਬੀ ਦੁਨੀਆ’ ਰਸਾਲੇ ਦੇ ਡਾ. ਜਗਤਾਰ ਵਿਸ਼ੇਸ਼ ਅੰਕ ਲਈ ਖੋਜ ਪੱਤਰਾਂ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਤੇ ਨਿਰਦੇਸ਼ਕ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਸਰਗਰਮੀ ਦੀ ਇਸੇ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੀ ਦੁਨੀਆ’ ਰਸਾਲੇ ਦਾ ਡਾ. ਜਗਤਾਰ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਣਾ ਹੈ। ਇਸ ਵਿਸ਼ੇਸ਼ ਅੰਕ ਲਈ ਜ਼ਿਲ੍ਹੇ ਦੇ  ਲੇਖਕਾਂ ਪਾਸੋਂ ਮੌਲਿਕ ਅਤੇ ਅਣਛਪੇ ਖੋਜ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਡਾ. ਜਗਤਾਰ ਦੀ  ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵੱਡੀ ਦੇਣ ਹੈ। ਉਨ੍ਹਾਂ ਦੱਸਿਆ ਕਿ ਡਾ. ਜਗਤਾਰ ਨੇ ਪੰਜਾਬੀ ਗ਼ਜ਼ਲ ਨੂੰ ਉਸ ਉੱਚੇ ਮੁਕਾਮ ‘ਤੇ ਪਹੁੰਚਾਇਆ ਹੈ, ਜਿਸ ‘ਤੇ ਨਾਜ਼ ਕੀਤਾ ਜਾ ਸਕਦਾ ਹੈ। ਡਾ. ਜਗਤਾਰ ਦੀ ਕਲਮ ਤੋਂ ਲਿਖੇ ਕਾਵਿ ਸੰਗ੍ਰਹਿ ਜਿਵੇਂ ਰੁੱਤਾਂ ਰਾਂਗਲੀਆਂ, ਤਲਖ਼ੀਆਂ ਰੰਗੀਨੀਆਂ, ਦੁੱਧ ਪਥਰੀ, ਅਧੂਰਾ ਆਦਮੀ, ਛਾਂਗਿਆ ਰੁੱਖ, ਲਹੂ ਦੇ ਨਕਸ਼, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ, ਚਨੁਕਰੀ ਸ਼ਾਮ, ਸ਼ੀਸ਼ੇ ਦੇ ਜੰਗਲ , ਜੁਗਨੂ ਦੀਵਾ ਤੇ ਦਰਿਆ ਆਦਿ ਨਾਲ ਪੰਜਾਬੀ ਭਾਸ਼ਾ ਦੀ ਵਿਰਾਸਤ ਨੂੰ ਅਮੀਰ ਕੀਤਾ ਹੈ। ਜੁਗਨੂੰ ਦੀਵਾ ਤੇ ਦਰਿਆ ਕਿਤਾਬ ਨੂੰ ਸਾਹਿਤ ਅਕਾਦਮੀ ਦਾ ਵਕਾਰੀ ਇਨਾਮ ਵੀ ਮਿਲ ਚੁੱਕਾ ਹੈ।

Advertisements

ਡਾ. ਜਗਤਾਰ ਦੀ ਵੱਡੀ ਸਾਹਿਤਕ ਦੇਣ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਸਾਲ 1991 ਵਿਚ ਸ਼੍ਰੋਮਣੀ ਕਵੀ ਦੇ ਤੌਰ ‘ਤੇ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਅਜਿਹੀ ਵੱਡੀ ਸਾਹਿਤਕ ਘਾਲਣਾ ਵਾਲੇ  ਕਵੀ ਬਾਰੇ ਖੋਜ ਪੱਤਰ ਲਿਖ ਕੇ  ਪੰਜਾਬੀ ਦੁਨੀਆ ਰਸਾਲੇ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। ਪੰਜਾਬੀ ਦੁਨੀਆ ਰਸਾਲੇ ‘ਚ ਛਪਣ ਲਈ ਕੋਈ ਵੀ ਲੇਖਕ ਆਪਣਾ ਖੋਜ ਪੱਤਰ ਭੇਜਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦਾ ਹੈ। ਲੇਖਕ ਲਈ ਖੋਜ ਪੱਤਰ  ਦੇ ਨਾਲ-ਨਾਲ ਆਪਣਾ ਨਾਂ, ਪਤਾ, ਮੋਬਾਇਲ ਨੰਬਰ ਭੇਜਣਾ ਅਤੇ ਖੋਜ ਪੱਤਰ  ਦੇ ਅਣਛਪੇ ਹੋਣ ਦਾ ਤਸਦੀਕ ਕਰਨਾ ਵੀ ਲਾਜ਼ਮੀ ਹੈ।

LEAVE A REPLY

Please enter your comment!
Please enter your name here