
ਬਠਿੰਡਾ (ਦ ਸਟੈਲਰ ਨਿਊਜ਼)। ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓ ਲਈ ਕਾਫੀ ਚਰਚਾ ਵਿੱਚ ਰਹਿਣ ਵਾਲੀ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ। ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਗਈ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਭਾਬੀ ਕਮਲ ਕੌਰ ਦੀ ਮੌਤ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।

ਹਿਰਾਸਤ ਵਿਚ ਲਏ ਗਏ ਲੋਕ ਨਿਹੰਗ ਅੰਮ੍ਰਿਤਪਾਲ ਮਹਿਰੋਂ ਨਾਲ ਜੁੜੇ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਫੜੇ ਗਏ ਦੋਵਾਂ ਆਰੋਪੀਆਂ ਨੇ ਅੰਮ੍ਰਿਤਪਾਲ ਮਹਿਰੋਂ ਨਾਲ ਮਿਲ ਕੇ ਭਾਬੀ ਕਮਲ ਕੌਰ ਉਰਫ ਕੰਚਨ ਦੇ ਕਤਲ ਦੀ ਸਾਜ਼ਿਸ਼ ਰਚੀ। SSP ਅਮਨੀਤ ਕੋਂਡਾਲ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਹੈ। ਭਾਬੀ ਕਮਲ ਕੌਰ ਨੂੰ ਗੱਡੀ ਦੀ ਪ੍ਰਮੋਸ਼ਨ ਕਰਵਾਉਣ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਤੇ ਫੇਰ ਉਥੇ ਉਸ ਦਾ ਕਤਲ ਕਰ ਦਿੱਤਾ ਗਿਆ। ਉਧਰ, ਨਿਹੰਗ ਅੰਮ੍ਰਿਤਪਾਲ ਮਹਿਰੋਂ ਨੇ ਆਖਿਆ ਹੈ ਕਿ ਅਸ਼ਲੀਲ ਵੀਡੀਓ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।












