
ਤਲਵੰਡੀ ਸਾਬੋ (ਦ ਸਟੈਲਰ ਨਿਊਜ਼)। ਉਪਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿੱਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਲੜਾਈ ਹੋਈ। ਜਿਸ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਗੰਭੀਰ ਜਖਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਖਮੀ ਹੋਏ ਮ੍ਰਿਤਕ ਮੇਜਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨੰਗਲਾ ਨੇ ਦੱਸਿਆ ਕਿ ਉਹਨਾਂ ਦਾ ਤਾਏ ਅਤੇ ਚਚੇਰੇ ਭਰਾਵਾਂ ਨਾਲ ਜਮੀਨ ਦਾ ਝਗੜਾ ਚੱਲ ਰਿਹਾ ਸੀ ਤੇ 17 ਸਾਲਾਂ ਬਾਅਦ ਫੈਸਲਾ ਉਹਨਾਂ ਦੇ ਹੱਕ ਵਿੱਚ ਆਇਆ ਸੀ।

ਹੁਣ ਉਹ ਖਾਲ ਤੇ ਪਹੀਆਂ ਨਹੀਂ ਛੱਡਦੇ ਸਨ, ਜਿਸ ਨੂੰ ਲੈ ਕੇ ਉਹ ਪਿੰਡ ਦੇ ਸਰਪੰਚ ਕੋਲ ਗਏ। ਉਸਨੇ ਦੱਸਿਆ ਕਿ ਜਦੋਂ ਉਹ ਤੇ ਉਸਦੇ ਪਿਤਾ ਮੇਜਰ ਸਿੰਘ ਵਾਪਸ ਆਪਣੇ ਘਰ ਨੂੰ ਸਕੂਟਰੀ ‘ਤੇ ਆ ਰਹੇ ਸੀ ਤਾਂ ਉਹਨਾਂ ਦੇ ਤਾਏ ਅਤੇ ਚਚੇਰੇ ਭਰਾਵਾਂ ਨੇ ਰਸਤੇ ਵਿੱਚ ਉਹਨਾਂ ਨੂੰ ਘੇਰ ਕੇ ਰੋੜੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸਕੂਟਰੀ ਹੇਠ ਡਿੱਗ ਪਈ। ਇਸ ਦੌਰਾਨ ਪਿਤਾ ਮੇਜਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਸਿਰ ਵਿੱਚ ਇੱਕ ਪੱਥਰ ਵੱਜਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ, ਇਸ ਸਬੰਧੀ ਥਾਣਾ ਤਲਵੰਡੀ ਸਾਬੋ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲਾ ਵਿੱਚ ਜਮੀਨੀ ਵਿਵਾਦ ਵਿੱਚ ਹੋਈ ਲੜਾਈ ਵਿੱਚ ਇੱਕ ਦੀ ਮੌਤ ਅਤੇ ਇੱਕ ਜਖਮੀ ਹੋਇਆ ਹੈ, ਜਿਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।












