
ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਪਿੰਡ ਚੁੱਘਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਵਿਭਾਗ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਕੁਲਦੀਪ ਕੌਰ ਨੇ ਗਲਤ ਦਸਤਾਵੇਜ਼ਾਂ ਦੀ ਬੁਨਿਆਦ ਤੇ ਚੋਣ ਲੜੀ ਸੀ। ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਜਾਂਚ ਦੌਰਾਨ ਇਹ ਸਾਬਤ ਹੋਇਆ। ਵਿਦੇਸ਼ ਵਿੱਚ ਬੈਠ ਕੇ ਉਨ੍ਹਾਂ ਨੇ ਕਾਗਜ਼ ਤਿਆਰ ਕਰਕੇ ਪੇਸ਼ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਕੁਲਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਪਿੰਡ ਦੀ ਹੀ ਇੱਕ ਹੋਰ ਸਰਪੰਚ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਕੁਲਦੀਪ ਕੌਰ ਨੇ ਚੋਣਾਂ ਵਿੱਚ ਹਿੱਸਾ ਲੈਣ ਲਈ ਨਕਲੀ ਕਾਗਜ਼ ਵਰਤੇ ਹਨ। ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਹੋਈ ਅਤੇ ਜਾਂਚ ਪੂਰੀ ਹੋਣ ਤੇ ਸਰਪੰਚ ਕੁਲਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਸਰਪੰਚ ਸਮੇਤ 6 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

ਇਸ ਸੰਬੰਧੀ ਡੀ.ਡੀ.ਪੀ.ਓ. ਰਜਨੀਸ਼ ਗਰਗ ਨੇ ਦੱਸਿਆ ਕਿ “ਕੁਲਦੀਪ ਕੌਰ ਖ਼ਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਪੂਰੀ ਜਾਂਚ ਕਰਵਾਈ ਗਈ ਸੀ। ਜਾਂਚ ਦੀ ਰਿਪੋਰਟ ਡਾਇਰੈਕਟਰ ਕੋਲ ਭੇਜੀ ਗਈ ਸੀ ਅਤੇ ਡਾਇਰੈਕਟਰ ਵੱਲੋਂ ਆਏ ਹੁਕਮਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਮਾਮਲੇ ਵਿੱਚ ਐਫ.ਆਈ.ਆਰ ਵੀ ਦਰਜ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਪ੍ਰਬੰਧਕ ਲਗਾ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਮਹਿਲਾ ਸਰਪੰਚ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਮਿਲੇਗਾ।”












