
ਜਲੰਧਰ (ਦ ਸਟੈਲਰ ਨਿਊਜ਼)। ਬੀਤੀ ਦੇਰ ਰਾਤ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਮੈਰੀਟਲ ਹੋਟਲ ਦੇ ਨੇੜੇ ਟਰੱਕ ਨੇ ਖੜ੍ਹੇ ਵਾਹਨ ਨੂੰ ਟੱਕਰ ਮਾਰ ਦਿਤੀ। ਟੱਕਰ ਇੰਨੀ ਭਿਆਨਕ ਸੀ ਕਿ ਪੀੜਤ ਦੇ ਅਨੁਸਾਰ, ਉਸ ਦੀ ਕਾਰ ਹਵਾ ਵਿੱਚ ਚਾਰ ਵਾਰ ਪਲਟ ਗਈ ਤੇ ਟਰੱਕ ਦੇ ਪਿੱਛੇ ਡਿੱਗ ਗਈ। ਕਾਰ ਵਿੱਚ ਸਵਾਰ ਉਸ ਦੀ ਪਤਨੀ ਤੇ 2 ਸਾਲ ਦੀ ਬੱਚੀ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਜਿਆਦਾ ਨੁਕਸਾਨ ਤੋਂ ਬਚਾਅ ਰਿਹਾ, ਹਾਲਾਂਕਿ ਗੱਡੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।

ਪੀੜਤ ਤਰਨਬੀਰ ਦੇ ਵੱਡੇ ਭਰਾ ਸਿਮਰ ਨੇ ਦਸਿਆ ਕਿ ਉਸ ਦਾ ਭਰਾ ਮਾਡਲ ਟਾਊਨ, ਜਲੰਧਰ ਦਾ ਰਹਿਣ ਵਾਲਾ ਹੈ। ਉਹ ਪੀਰ ਬੋਦਲਾ ਬਾਜ਼ਾਰ ਵਿੱਚ ਕੱਪੜੇ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਨੇ ਦਸਿਆ ਕਿ ਤਰਨਬੀਰ ਸੋਮਵਾਰ ਨੂੰ ਛੁੱਟੀ ਹੋਣ ਕਾਰਨ ਅਪਣੇ ਪਰਿਵਾਰ ਨਾਲ ਲੁਧਿਆਣੇ ਵਿੱਚ ਅਪਣੇ ਸਹੁਰੇ ਘਰ ਗਿਆ ਸੀ। ਉਹ ਉੱਥੋਂ ਲਗਭਗ 12:00 ਵਜੇ ਵਾਪਸ ਆ ਰਿਹਾ ਸੀ। ਜਦੋਂ ਉਹ ਹੋਟਲ ਮੈਰੀਟਲ ਦੇ ਨੇੜੇ ਪਹੁੰਚਿਆ, ਤਾਂ ਉਸ ਦੀ ਕਾਰ ਦਾ ਟਾਇਰ ਪੰਚਰ ਹੋ ਗਿਆ। ਜਦੋਂ ਉਹ ਟਾਇਰ ਚੈੱਕ ਕਰਨ ਲਈ ਬਾਹਰ ਨਿਕਲਿਆ ਤਾਂ ਉਸ ਨੇ ਪਿੱਛੇ ਤੋਂ ਇਕ ਤੇਜ਼ ਰਫ਼ਤਾਰ ਟਰੱਕ ਆਉਂਦਾ ਦੇਖਿਆ। ਜਿਸ ਕਾਰਨ ਉਹ ਆਪ ਤਾਂ ਪਿੱਛੇ ਹੋ ਗਿਆ ਪਰ ਉਸ ਦੀ ਦੋ ਸਾਲ ਦੀ ਧੀ ਤੇ ਉਸ ਦੀ ਪਤਨੀ, ਜਸਲੀਨ ਕੌਰ ਕਾਰ ਦੇ ਅੰਦਰ ਸਨ। ਉਨ੍ਹਾਂ ਦਸਿਆ ਕਿ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਕਾਰ ਹਵਾ ਵਿੱਚ ਚਾਰ ਵਾਰ ਪਲਟ ਗਈ ਅਤੇ ਟਰੱਕ ਦੇ ਪਿੱਛੇ ਜਾ ਡਿੱਗੀ। ਉਨ੍ਹਾਂ ਕਿਹਾ ਕਿ ਟਰੱਕ ਲੋਹੇ ਦੀਆਂ ਰਾਡਾਂ ਨਾਲ ਲੱਦਿਆ ਹੋਇਆ ਸੀ ਅਤੇ ਆਰੋਪ ਲਗਾਇਆ ਕਿ ਡਰਾਈਵਰ ਨਸ਼ੇ ਵਿੱਚ ਸੀ।
ਪੀੜਤ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਰਾਹਗੀਰਾਂ ਨੇ ਕਾਰ ਦੀਆਂ ਖਿੜਕੀਆਂ ਤੋੜ ਕੇ ਔਰਤ ਅਤੇ ਉਸ ਦੀ ਦੋ ਸਾਲ ਦੀ ਧੀ ਨੂੰ ਬਾਹਰ ਕੱਢਿਆ। ਬਾਅਦ ਵਿਚ ਤਿੰਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸਬੰਧਤ ਥਾਣੇ ਦੀ ਪੁਲਿਸ ਨੂੰ ਹਾਦਸੇ ਦੀ ਸੂਚਨਾ ਦੇ ਦਿਤੀ ਗਈ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ।












