
ਚੰਡੀਗੜ੍ਹ (ਦ ਸਟੈਲਰ ਨਿਊਜ਼)। ਸੀਨੀਅਰ ਆਗੂ ਅਤੇ ਪੰਜਾਬ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਹੈ। ਭੇਜੇ ਗਏ ਨੋਟਿਸ ’ਚ ਕਿਹਾ ਗਿਆ ਕਿ ਡਾ. ਸਿੱਧੂ ਵੱਲੋਂ ਰਾਜਸਥਾਨ ਵਿੱਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਲਗਾਏ ਗਏ ਆਰੋਪ ਪੂਰੀ ਤਰ੍ਹਾਂ ਝੂਠੇ, ਘੜੇ ਹੋਏ ਅਤੇ ਰਾਜਨੀਤਿਕ ਦੁਸ਼ਮਨੀ ਤੋਂ ਪ੍ਰੇਰਿਤ ਹਨ। ਇਨ੍ਹਾਂ ਬਿਆਨਾਂ ਨਾਲ ਰੰਧਾਵਾ ਦੀ ਸਿਆਸੀ ਅਤੇ ਸਮਾਜਿਕ ਦਿਖ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਕਾਨੂੰਨੀ ਨੋਟਿਸ ਅਨੁਸਾਰ, ਇਹ ਬਿਆਨ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 356 ਅਧੀਨ ਅਪਰਾਧਿਕ ਮਾਣਹਾਨੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ।


ਜਿਸ ਮੁਤਾਬਿਕ ਡਾ. ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਬਿਨਾ ਕਿਸੇ ਸ਼ਰਤ ਦੇ ਸਰਵਜਨਕ ਮਾਫ਼ੀ ਮੰਗਣ ਅਤੇ ਆਪਣੇ ਸਾਰੇ ਝੂਠੇ ਆਰੋਪ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਵਾਪਸ ਲੈਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਨਿਰਧਾਰਿਤ ਸਮੇਂ ਅੰਦਰ ਮਾਫ਼ੀ ਨਹੀਂ ਮੰਗੀ ਗਈ ਤਾਂ ਡਾ. ਸਿੱਧੂ ਖ਼ਿਲਾਫ਼ ਬਟਾਲਾ ਅਦਾਲਤ ਵਿੱਚ ਫੌਜਦਾਰੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਕਾਨੂੰਨੀ ਖ਼ਰਚ ਅਤੇ ਹਰਜ਼ਾਨਾ ਵੀ ਵਸੂਲ ਕੀਤਾ ਜਾਵੇਗਾ। ਨਾਲ ਹੀ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਹ ਸਦਾ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕਸੇਵਾ ਦੇ ਸਿਧਾਂਤਾਂ ‘ਤੇ ਚੱਲੇ ਹਨ ਅਤੇ ਝੂਠੇ ਆਰੋਪਾਂ ਦੇ ਆਧਾਰ ‘ਤੇ ਆਪਣੀ ਛਵੀ ਨੂੰ ਦਾਗ਼ਦਾਰ ਨਹੀਂ ਹੋਣ ਦੇਣਗੇ। ਦੱਸ ਦਈਏ ਕਿ ਡਾ. ਨਵਜੋਤ ਕੌਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਰਾਜਸਥਾਨ ਵਿੱਚ ਕਾਂਗਰਸ ਨੂੰ ਹਾਰ ਦਿੱਤੀ ਹੈ। ਇਨ੍ਹਾਂ ਇਲਜ਼ਾਮ ਤੋਂ ਬਾਅਦ, ਰੰਧਾਵਾ ਵੱਲੋਂ ਇੱਕ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ।











