
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਗ ਦਾਨ ਜਾਗਰੂਕਤਾ ਮੁਹਿੰਮ ਦੇਸ਼ ਭਰ ਵਿੱਚ ਚਲਾਈ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਆਧੁਨਿਕ ਯੁੱਗ ਦੇ ਸੱਭ ਤੋਂ ਵੱਡੇ ਦਾਨ-ਅੰਗ ਦਾਨ ਕਰਨ ਦੀ ਵਚਨਬੱਧਤਾ ਕਰਕੇ ਮਨੁੱਖਤਾ ਦੀ ਭਲਾਈ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।

ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਅਗਵਾਈ ਹੇਠ ਚਲਾਈ ਗਈ ਇਸ ਮਹਿਮ ਤਹਿਤ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਹਾਨ ਪਰਉਪਕਾਰੀ ਕਾਰਜ ਲਈ ਉਤਸ਼ਾਹਿਤ ਕੀਤਾ ਜਾ ਸਕੇ। ਸਮਾਜ ਸੇਵੀ ਸੰਸਥਾ ਨੇਤਰ ਦਾਨ ਐਸੋਸੀਏਸ਼ਨ ਵੱਲੋਂ ਇਸ ਮਹਿਮ ਤਹਿਤ ਹੁਸ਼ਿਆਰਪੁਰ ਦੇ ਐਸ ਡੀ ਐਮ ਸ਼੍ਰੀ ਮਤੀ ਗੁਰਸਿਮਰਨ ਜੀਤ ਕੌਰ ਦੀ ਅਗਵਾਈ ਵਿੱਚ ਤਹਿਸੀਲ ਕੰਪਲੈਕਸ ਵਿਖੇ ਇਕ ਅੰਗ ਦਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਅੰਗ ਦਾਨ ਕਰਨ ਦਾ ਪ੍ਰਣ ਕਰਨ ਵਾਲੇ ਭਾਈ ਓਂਕਾਰ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਨਾਨਕ ਦਰਬਾਰ, ਨੂਰਪੁਰ ਨੂੰ ਅੰਗ ਦਾਨ ਕਰਨ ਦਾ ਸਾਰਟੀਫੀਕੇਟ ਭੇਟ ਕੀਤਾ ਅਤੇ ਕਿਹਾ ਕਿ ਅੰਗ ਦਾਨ ਕਰਨਾ ਮਨੁੱਖਤਾ ਦੀ ਭਲਾਈ ਲਈ ਸਭ ਤੋਂ ਉੱਤਮ ਕਾਰਜ ਹੈ।
ਇਸ ਮੌਕੇ ਤੇ ਨੇਤਰ ਦਾਨ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਸਕੱਤਰ ਬਲਜੀਤ ਸਿੰਘ ਪਨੇਸਰ, ਸੰਤੋਸ਼ ਸੈਣੀ, ਗੁਰਪਾਲ ਸਿੰਘ, ਨਿਰਮਲ ਸਿੰਘ, ਸਵਰਨ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਅੰਗ ਦਾਨ ਕਰਨ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਕ ਅੰਗ ਦਾਨੀ 8 ਮਨੁੱਖੀ ਕੀਮਤੀ ਜਾਨਾਂ ਬਚਾ ਕੇ ਮਨੁੱਖਤਾ ਦੀ ਭਲਾਈ ਲਈ ਸੇਵਾ ਕਾਰਜ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਨ ਸੇਵਾ ਕਾਰਜ ਲਈ ਆਪਣੀ ਵਚਨਬੱਧਤਾ ਕਰਨ ਲਈ ਸਰਕਾਰ ਦੀ ਪ੍ਰਮਾਣਿਤ ਵੈੱਬਸਾਈਟ notto.abdm.gov.in ਤੇ ਜਾ ਕੇ ਆਪਣੇ ਆਧਾਰ ਨੰਬਰ ਨਾਲ ਰਜਿਸਟ੍ਰੇਸ਼ਨ ਕਰ ਸਕਦਾ ਹੈ ਅਤੇ ਪ੍ਰੀਕਿਰਿਆ ਪੂਰੀ ਹੋਣ ਤੇ ਅੰਗ ਦਾਨ ਵਚਨਬੱਧਤਾ ਦਾ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਇਸ ਮਹਾਨ ਪਰਉਪਕਾਰੀ ਕਾਰਜ ਲਈ ਹਜ਼ਾਰਾਂ ਹੀ ਲੋਕ ਜੁੜ ਰਹੇ ਹਨ। ਉਨ੍ਹਾਂ ਸਮੂਹ ਧਾਰਮਿਕ ,ਸਮਾਜਿਕ ਅਤੇ ਰਾਜਨੀਤਕ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਮਹਾਨ ਸੇਵਾ ਕਾਰਜ ਲਈ ਅੱਗੇ ਆਉਣ ਉਨ੍ਹਾਂ ਕਿਹਾ ਕਿ ਅੰਗ ਦਾਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਨੇਤਰ ਦਾਨ ਐਸੋਸੀਏਸ਼ਨ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।










