
ਨਵਾਂਸ਼ਹਿਰ (ਦ ਸਟੈਲਰ ਨਿਊਜ਼)। ਨਵਾਂਸ਼ਹਿਰ ਦੇ ਨੇੜੇ ਅਣਪਛਾਤੇ ਬਦਮਾਸ਼ਾਂ ਵੱਲੋਂ ਗਾਇਕ ਰਾਣਾ ਸਹੋਤਾ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬਦਮਾਸ਼ਾਂ ਨੇ ਹਵਾਈ ਫਾਇਰ ਵੀ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਰਾਣਾ ਸਹੋਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਗੱਡੀ ਵਿੱਚ ਜਾ ਰਹੇ ਸਨ ਤਾਂ ਨਵਾਂਸ਼ਹਿਰ ਦੇ ਨੇੜੇ ਇੱਕ ਕਾਲੇ ਰੰਗ ਦੀ ਕਾਰ ਉਨ੍ਹਾਂ ਦਾ ਪਿੱਛਾ ਕਰਨ ਲੱਗੀ।

ਰਾਣਾ ਸਹੋਤਾ ਦੇ ਮੁਤਾਬਿਕ ਉਸ ਕਾਲੀ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ। ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਦੇ ਨਾਲ-ਨਾਲ ਚੱਲਦਿਆਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਗਾਇਕ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਗੱਡੀ ਨਹੀਂ ਰੋਕੀ ਤਾਂ ਬਦਮਾਸ਼ਾਂ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਰਾਣਾ ਸਹੋਤਾ ਮੁਤਾਬਿਕ ਹਵਾਈ ਫਾਇਰ ਕਰਨ ਤੋਂ ਬਾਅਦ ਉਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਸ ਮਾਮਲੇ ਦੀ ਜਾਣਕਾਰੀ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਈ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












