
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਤੋ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਮੁਕੇਰੀਆਂ ਦੇ ਪਿੰਡ ਮੁਸ਼ਾਹਪੁਰ ਦੇ ਰਹਿਣ ਵਾਲੇ 42 ਸਾਲਾ ਪੰਜਾਬੀ ਨੌਜਵਾਨ ਰਾਜਿੰਦਰ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਰਾਜਿੰਦਰ ਸਿੰਘ ਦੋ ਸਾਲ ਪਹਿਲਾਂ ਰੁਜ਼ਗਾਰ ਲਈ ਅਮਰੀਕਾ ਗਏ ਸਨ ਅਤੇ ਉੱਥੇ ਮਿਨੀਸੋਟਾ ਵਿੱਚ ਰਹਿ ਰਹੇ ਸਨ।

ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮੁਸ਼ਾਹਪੁਰ ਪਹੁੰਚੀ, ਜਿਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਰਾਜਿੰਦਰ ਸਿੰਘ ਦੀ ਦੇਹ ਪਹੁੰਚਦਿਆਂ ਹੀ ਪੂਰੇ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ। ਜਿਵੇਂ ਹੀ ਮ੍ਰਿਤਕ ਦੇਹ ਪਿੰਡ ਪਹੁੰਚੀ, ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋਏ।
ਰਾਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਧੀਆਂ ਛੱਡ ਗਏ ਹਨ। ਪਰਿਵਾਰ ਅਨੁਸਾਰ, ਉਹ ਘਰ ਵਿੱਚ ਕਮਾਉਣ ਵਾਲੇ ਇਕੱਲੇ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਕਰੀਬ 25 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਰਾਜਿੰਦਰ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੁਸ਼ਾਹਪੁਰ ਵਿੱਚ ਕਰ ਦਿੱਤਾ ਗਿਆ।












