Monday, October 12, 2026
Home Punjab ਨਸ਼ੇ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ

ਨਸ਼ੇ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ

ਕਪੂਰਥਲਾ (ਦ ਸਟੈਲਰ ਨਿਊਜ਼)। ਸੁਲਤਾਨਪੁਰ ਲੋਧੀ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੇ ਕਹਿਰ ਨੇ ਇੱਕ ਹੋਰ ਮਾਂ ਦਾ ਪੁੱਤ ਖਾ ਲਿਆ। ਇੱਕ ਮਾਂ, ਜਿਸ ਦੇ ਪਹਿਲਾਂ ਹੀ ਇੱਕ ਪੁੱਤ ਨੂੰ ਨਸ਼ੇ ਨੇ ਨਿਗਲ ਲਿਆ ਸੀ, ਹੁਣ 6 ਮਹੀਨੇ ਦੇ ਅੰਦਰ ਦੂਜੇ ਜਵਾਨ ਪੁੱਤ ਦੀ ਵੀ ਨਸ਼ਿਆਂ ਨਾਲ ਮੌਤ ਹੋ ਗਈ।

Advertisements

ਮਾਮਲਾ ਪਿੰਡ ਗਾਜੀਪੁਰ ਦਾ ਹੈ, ਜਿੱਥੇ ਗਗਨਦੀਪ ਦੀ ਕਰੀਬ 6 ਮਹੀਨੇ ਪਹਿਲਾਂ ਨਸ਼ਿਆਂ ਨਾਲ ਮੌਤ ਹੋਈ ਸੀ। ਪਰਿਵਾਰ ਇਸ ਦੁੱਖ ਤੋਂ ਹਾਲੇ ਬਾਹਰ ਵੀ ਨਹੀਂ ਸੀ ਆਇਆ ਕਿ ਹੁਣ 20 ਸਾਲਾਂ ਦੇ ਛੋਟੇ ਪੁੱਤ ਦੀ ਲਾਸ਼ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਲਾਟੀਆਂਵਾਲ ਕੋਲੋਂ ਮਿਲੀ ਹੈ।

ਮਾਂ ਤੇ ਭੈਣ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪੁੱਤ ਘਰੋਂ ਸਿਰਫ 200 ਰੁਪਏ ਲੈ ਕੇ ਇਹ ਕਹਿ ਕੇ ਗਿਆ ਸੀ ਕਿ ਉਹ ਵਾਲ ਕਟਵਾਉਣ ਜਾ ਰਿਹਾ ਹੈ ਪਰ ਪੂਰੀ ਰਾਤ ਉਸ ਦੀ ਭਾਲ ਕਰਨ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗਿਆ ਅਤੇ ਸਵੇਰੇ ਪੁਲਿਸ ਵੱਲੋਂ ਉਸ ਦੀ ਮੌਤ ਦੀ ਖ਼ਬਰ ਮਿਲੀ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇੱਥੇ ਚਿੱਟਾ ਖੰਡ ਵਾਂਗ ਖੁੱਲ੍ਹੇਆਮ ਮਿਲਦਾ ਹੈ। ਉਹ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਗੁਆਂਢੀ ਪਿੰਡਾਂ ਵੱਲੋਂ ਕੀਤੀ ਨਾਕਾਬੰਦੀ ਦੌਰਾਨ 75 ਤੋਂ ਵੱਧ ਨਸ਼ੇੜੀ ਅਤੇ ਚਿੱਟਾ ਵੇਚਣ ਵਾਲੇ ਫੜੇ ਗਏ ਸਨ, ਪਰ ਇਸ ਦੇ ਬਾਵਜੂਦ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਕੋਲੋਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਮੌਤ ਨਸ਼ੇ ਕਾਰਨ ਹੋਈ ਹੈ। ਪੁਲਿਸ ਅਨੁਸਾਰ ਮੌਤ ਦੇ ਅਸਲ ਕਾਰਨਾ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
 

LEAVE A REPLY

Please enter your comment!
Please enter your name here