
ਚੰਡੀਗੜ੍ਹ (ਦ ਸਟੈਲਰ ਨਿਊਜ਼)। ਸੀਬੀਆਈ ਵੱਲੋਂ 13 ਲੱਖ ਰੁਪਏ ਰਿਸ਼ਵਤ ਕਾਂਡ ਵਿੱਚ ਫ਼ਰਾਰ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਰੀਡਰ ਓਪੀ ਰਾਣਾ ਨੂੰ ਭਗੌੜਾ ਐਲਾਨੇ ਜਾਣ ਦੀ ਪ੍ਰਕਿਰਿਆ ਵਿੱਢੀ ਹੈ। ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਫ਼ਿਲਹਾਲ ਫ਼ਰਾਰ ਰੀਡਰ ਰਾਣਾ ਦੇ ਮੁੜ 6 ਜੂਨ ਤੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਰੀਡਰ ਰਾਣਾ ਨੇ ਸੀਬੀਆਈ ਅਦਾਲਤ ਵਿੱਚੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਕੀਤੀ ਹੈ।

ਸੀਬੀਆਈ ਅਦਾਲਤ ਨੇ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਣਵਾਈ ਅਧੀਨ ਹੋਣ ਕਰਕੇ ਰੀਡਰ ਰਾਣਾ ਨੂੰ ਭਗੌੜਾ ਘੋਸ਼ਿਤ ਕਰਨ ਦੀ ਬਜਾਏ ਨਵੇਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਮੰਨਿਆ ਕਿ ਮੁਲਜ਼ਮ ਦਾ ਵਤੀਰਾ ਪਹਿਲੇ ਨਜ਼ਰੇ ਗ੍ਰਿਫ਼ਤਾਰੀ ਤੋਂ ਬਚਣ ਵਾਲਾ ਹੈ। ਸੀਬੀਆਈ ਨੇ ਬੀਐੱਨਐੱਸਐੱਸ ਦੀ ਧਾਰਾ 84 ਤਹਿਤ ਅਰਜ਼ੀ ਦਾਇਰ ਕਰਕੇ ਰੀਡਰ ਰਾਣਾ ਨੂੰ ਭਗੌੜਾ ਘੋਸ਼ਿਤ ਕਰਨ ਦੀ ਮੰਗ ਕੀਤੀ ਸੀ। ਸੀਬੀਆਈ ਨੇ ਅਦਾਲਤ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਫ਼ੈਸਲਿਆਂ ਦੇ ਹਵਾਲੇ ਨਾਲ ਦਲੀਲ ਪੇਸ਼ ਕੀਤੀ ਕਿ ਹਾਈ ਕੋਰਟ ਵਿੱਚ ਅਰਜ਼ੀ ਪੈਂਡਿੰਗ ਹੋਣ ਦੇ ਬਾਵਜੂਦ, ਜੇਕਰ ਕੋਈ ਸਟੇਅ ਨਹੀਂ ਹੈ ਤਾਂ ਮੁਲਜ਼ਮ ਨੂੰ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।












