
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਪ੍ਰਸਿੱਧ ਵਿਦਿਅਕ ਅਦਾਰੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਰੂ ਨੰਗਲ ਦੇ ਹੋਣਹਾਰ ਸਾਬਕਾ ਵਿਦਿਆਰਥੀ ਮੁਨੀਸ਼ ਹੀਰ ਨੇ ਜੇ.ਈ.ਈ. ਐਡਵਾਂਸਡ (JEE Advanced) ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 184ਵਾਂ ਰੈਂਕ ਹਾਸਲ ਕਰਕੇ ਆਈ.ਆਈ.ਟੀ. ਗੁਵਾਹਟੀ (IIT Guwahati) ਵਿੱਚ ਦਾਖ਼ਲਾ ਪ੍ਰਾਪਤ ਕੀਤਾ ਹੈ। ਮੁਨੀਸ਼ ਦੀ ਇਸ ਬੇਮਿਸਾਲ ਪ੍ਰਾਪਤੀ ਨਾਲ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵਿਦਿਆਰਥੀ ਮੁਨੀਸ਼ ਹੀਰ ਨੇ ਆਪਣੀ ਇਸ ਇਤਿਹਾਸਕ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਦੀ ਪ੍ਰੇਰਣਾ ਅਤੇ ਸਕੂਲ ਦੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਨੂੰ ਦਿੱਤਾ ਹੈ। ਮੁਨੀਸ਼ ਨੇ ਦੱਸਿਆ ਕਿ ਰੋਜ਼ਾਨਾ ਨਿਯਮਿਤ ਪੜ੍ਹਾਈ, ਸਖ਼ਤ ਮਿਹਨਤ ਅਤੇ ਅਧਿਆਪਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਉਹ ਦੇਸ਼ ਦੀ ਇਸ ਸਭ ਤੋਂ ਔਖੀ ਪ੍ਰੀਖਿਆ ਵਿੱਚ 184ਵਾਂ ਰੈਂਕ ਹਾਸਲ ਕਰਨ ਵਿੱਚ ਸਫਲ ਹੋ ਸਕਿਆ ਹੈ।

ਇਸ ਸ਼ੁਭ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਅਤੇ ਪ੍ਰਬੰਧਕੀ ਕਮੇਟੀ ਨੇ ਮੁਨੀਸ਼ ਹੀਰ ਅਤੇ ਉਸ ਦੇ ਪਰਿਵਾਰ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ 184ਵਾਂ ਰੈਂਕ ਕੱਢਣਾ ਸਾਡੇ ਸਕੂਲ ਲਈ ਇੱਕ ਬਹੁਤ ਹੀ ਮਾਣਮੱਤਾ ਅਤੇ ਇਤਿਹਾਸਕ ਪਲ ਹੈ। ਉਨ੍ਹਾਂ ਉਮੀਦ ਜਤਾਈ ਕਿ ਮੁਨੀਸ਼ ਆਈ.ਆਈ.ਟੀ. ਗੁਵਾਹਟੀ ਵਿੱਚ ਉੱਚ ਸਿੱਖਿਆ ਹਾਸਲ ਕਰਕੇ ਭਵਿੱਖ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਇਸ ਪ੍ਰਾਪਤੀ ਨਾਲ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਵੱਡੇ ਸੁਪਨੇ ਦੇਖਣ ਅਤੇ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਣਾ ਮਿਲੇਗੀ। ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਹਰਜਿੰਦਰ ਕੌਰ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੋਏ ਵਿਦਿਅਕ ਸੁਧਾਰ ਕਾਰਨ ਇਹ ਸੰਭਵ ਹੋ ਸਕਿਆ ਹੈ।ਇਸ ਮੌਕੇ ਸਮੂਹ ਸਟਾਫ਼ ਅਤੇ ਇਲਾਕਾ ਨਿਵਾਸੀਆਂ ਵੱਲੋਂ ਹੋਣਹਾਰ ਵਿਦਿਆਰਥੀ ਮੁਨੀਸ਼ ਹੀਰ ਦੇ ਉੱਜਵਲ ਭਵਿੱਖ ਲਈ ਦੁਆਵਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।











