
ਹੁਸ਼ਿਆਰਪੁਰ-ਚੱਕੋਵਾਲ (ਦ ਸਟੈਲਰ ਨਿਊਜ਼): ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਪੀ.ਐਚ.ਸੀ. ਚੱਕੋਵਾਲ ਦੀ ਸਿਹਤ ਮੁਲਾਜ਼ਮਾਂ ਦੀ ਟੀਮ ਨੇ ਜਨਤਕ ਥਾਂਵਾਂ ਤੇ ਤੰਬਾਕੂਨੋਸ਼ੀ ਕਰਨ ਅਤੇ ਗੈਰ ਕਾਨੂੰਨੀ ਤੌਰ ਤੇ ਤੰਬਾਕੂ ਵੇਚਣ ਵਾਲਿਆਂ ਦੇ ਚਲਾਣ ਕੱਟੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਇਸੇ ਤਹਿਤ ਬਾਗਪੁਰ ਸੈਕਟਰ ਦੀ ਟੀਮ ਜਿਸ ਵਿਚ ਬਲਜੀਤ ਸਿੰਘ ਮ.ਪ.ਹ.ਸੁ. ਮੇਲ, ਜਸਪ੍ਰੀਤ ਸਿੰਘ ਮ.ਪ.ਹ.ਵ., ਸ਼ਮਸ਼ੇਰ ਸਿੰਘ, ਸਤਵਿੰਦਰ ਸਿੰਘ ਆਦਿ ਸ਼ਾਮਲ ਹਨ ਨੇ ਬਾਗਪੁਰ ਬਾਜ਼ਾਰ ਵਿਚ ਚਲਾਨ ਕੱਟੇ।

ਉਹਨਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਸਿਹਤ ਲਈ ਬਹੁਤ ਖਤਰਨਾਕ ਹੈ। ਇਸ ਨਾਲ ਮੂੰਹ ਤੇ ਫੇਫੜਿਆਂ ਦਾ ਕੈਂਸਰ ਤੇ ਹੋਰ ਕਈ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਤੰਬਾਕੂ ਦਾ ਸਿਗਰਟ ਜਾਂ ਬੀੜੀ ਦੇ ਰੂਪ ਵਿਚ ਸੇਵਨ ਕਰਨਾ ਆਪਣੇ ਨਾਲ ਨਾਲ ਨੇੜੇ ਖੜੇ ਵਿਅਕਤੀ ਲਈ ਵੀ ਖਤਰਨਾਕ ਹੁੰਦਾ ਹੈ। ਇਸ ਲਈ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ। ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਅਕ ਸੰਸਥਾਂਵਾਂ ਦੇ ਨੇੜੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਣਾ ਵੀ ਕਾਨੂੰਨਨ ਜੁਰਮ ਹੈ ਜਿਸ ਲਈ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਹੋ ਸਕਦੀ ਹੈ।
ਇਸ ਮੌਕੇ ਬਲਜੀਤ ਸਿੰਘ ਮ.ਪ.ਹ.ਸੁ. ਮੇਲ ਨੇ ਦੱਸਿਆ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅੱਠ ਵਿਅਕਤੀਆਂ ਦੇ 900 ਰੁਪਏ ਦੇ ਚਲਾਨ ਕੱਟੇ ਗਏ ਹਨ। ਇਸ ਵਿਚ ਜਨਤਕ ਥਾਂਵਾਂ ਤੇ ਤੰਬਾਕੂਨੋਸ਼ੀ ਕਰਨ ਤੇ ਗੈਰ ਕਾਨੂੰਨੀ ਤੰਬਾਕੂ ਵੇਚਣ ਵਾਲੇ ਦੁਕਾਨਦਾਰ ਸ਼ਾਮਿਲ ਸਨ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਤੰਬਾਕੂ ਦੇ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਵਾਭਾਂ ਬਾਰੇ ਵੀ ਜਾਗਰੂਕ ਕੀਤਾ।











