
ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੇ ਮੱਖੂ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਓਵਰਲੋਡ ਟਰਾਲੇ ਤੋਂ ਲੋਹੇ ਦੇ ਗਾਡਰ ਡਿੱਗਣ ਕਾਰਨ ਸਾਈਕਲ ਸਵਾਰ ਮਾਂ-ਪੁੱਤ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਰਪਾਲ ਦੀ ਰਹਿਣ ਵਾਲੀ 65 ਸਾਲ ਦੀ ਪਰਮਜੀਤ ਕੌਰ ਆਪਣੇ 30 ਸਾਲ ਦੇ ਪੁੱਤਰ ਕੁਲਵੰਤ ਸਿੰਘ ਨਾਲ ਸਾਈਕਲ ‘ਤੇ ਧੀ ਦੇ ਘਰ ਸਾਵਣ ਦੇਣ ਜਾ ਰਹੀ ਸੀ। ਇਸ ਦੌਰਾਨ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਨਹਿਰ ਦੇ ਪੁਲ ਕੋਲ ਸਾਹਮਣੇ ਤੋਂ ਆ ਰਹੇ ਇੱਕ ਓਵਰਲੋਡ ਟਰਾਲੇ ਨੇ ਮੋੜ ਕੱਟਿਆ, ਜਿਸ ਕਾਰਨ ਟਰਾਲੇ ਉੱਪਰ ਲੱਦੇ ਲੋਹੇ ਦੇ ਗਾਡਰ ਖਿਸਕ ਕੇ ਸਿੱਧੇ ਮਾਂ-ਪੁੱਤ ਉੱਪਰ ਡਿੱਗ ਪਏ।

ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਲਵੰਤ ਸਿੰਘ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਮੱਖੂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ।












