Saturday, October 3, 2026
Home hoshiarpur ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਾਵਣ ਕਵੀ ਦਰਬਾਰ ‘ਚ ਵਰ੍ਹਿਆ ਬਿਰਹੋ ਦਾ...

ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਾਵਣ ਕਵੀ ਦਰਬਾਰ ‘ਚ ਵਰ੍ਹਿਆ ਬਿਰਹੋ ਦਾ ਮੀਂਹ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਭਾਸ਼ਾ ਵਿਭਾਗ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ਼ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਨੇ ਕੀਤੀ। ਆਏ ਹੋਏ ਸ਼ਾਇਰਾਂ ਅਤੇ ਵਿਦਵਾਨਾਂ ਲਈ ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਸਿਰਫ਼ ਨਜ਼ਮਾਂ ਸੁਣਨ ਸੁਣਾਉਣ ਤੱਕ ਹੀ ਸੀਮਤ ਨਹੀਂ ਹੁੰਦੇ ਸਗੋਂ ਇਨ੍ਹਾਂ ਵਿੱਚ ਭਾਸ਼ਾਈ, ਸਭਿਆਚਾਰਕ ਤੇ ਸਮਾਜਿਕ ਮੁੱਦਿਆਂ ਪ੍ਰਤੀ ਚਿੰਤਾ, ਚੇਤਨਾ ਤੇ ਚਿੰਤਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੁੰਦਾ ਹੈ ਤੇ ਇਹ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ। ਪ੍ਰਸਿੱਧ ਕਵੀ ਮਦਨ ਵੀਰਾ ਨੇ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਲਗਾਤਾਰ ਸਕਿਰਿਆ ਰਹਿਣ ਕਰਕੇ ਸਰਾਹਨਾ ਕੀਤੀ ਤੇ ਨਾਲ਼ ਹੀ ਕਿਹਾ ਕਿ ਕਿਸੇ ਚੌਖਟੇ ਵਿੱਚ ਬੰਨ੍ਹੇ ਬਿਨਾਂ ਕਰਵਾਏ ਸਾਹਿਤਕ ਸਮਾਗਮ ਜ਼ਿਆਦਾ ਵਧੀਆ ਪ੍ਰਭਾਵ ਕਬੂਲਦੇ ਹਨ।

Advertisements

ਉਪਰੰਤ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਸੁਰਿੰਦਰ ਕੰਗਵੀ ਨੇ ਗੁਰਬਾਣੀ ਵਿੱਚੋਂ ਸਾਵਣ ਮਹੀਨੇ ਨਾਲ਼ ਸੰਬੰਧਤ ਸ਼ਬਦ ਰਾਗ ਮਲਹਾਰ ਵਿੱਚ ਤੇ ਆਪਣੇ ਮੌਲਿਕ ਗੀਤ ਦੀ ਪੇਸ਼ਕਾਰੀ ਕਰਕੇ ਸੰਗੀਤਕ ਰੰਗ ਬਿਖੇਰਿਆ। ਏਦੂੰ ਬਾਅਦ ਹਰਦਿਆਲ ਹੁਸ਼ਿਆਰਪੁਰੀ, ਰਾਜ ਕੁਮਾਰ ਘਾਸੀਪੁਰੀਆ ਤੇ ਮੈਡਮ ਮੀਨਾਕਸ਼ੀ ਮੈਨਨ ਨੇ ਇਸੇ ਰੰਗ ਨੂੰ ਤਰੰਨੁਮ ’ਚ ਪੇਸ਼ ਕਰਕੇ ਹੋਰ ਗੂਹੜਾ ਕਰ ਦਿੱਤਾ। ਡਾ. ਸ਼ਮਸ਼ੇਰ ਮੋਹੀ ਨੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਨੂੰ ਵਿਲੱਖਣ ਅੰਦਾਜ਼ ਵਿੱਚ ਪੇਸ਼ ਕਰਕੇ ਇਸ ਮਹਿਫਿਲ ਨੂੰ ਚਰਮ ਸੀਮਾ ’ਤੇ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਇਸ ਮੁਸ਼ਾਇਰੇ ਵਿੱਚ ਜਸਬੀਰ ਸਿੰਘ ਧੀਮਾਨ, ਡਾ. ਦਰਸ਼ਨ ਸਿੰਘ ਦਰਸ਼ਨ, ਲੈਕ. ਲਖਵਿੰਦਰ ਲੱਖੀ, ਡਾ. ਕੁਲਦੀਪ ਸਿੰਘ, ਜਸਵੰਤ ਸਿੰਘ, ਮੈਡਮ ਮਨਜੀਤ ਕੌਰ, ਪ੍ਰਭਜੀਤ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ ਤੇ ਪ੍ਰਿੰਕਲ ਨੇ ਵੀ ਹਾਜ਼ਰੀ ਲੁਆਈ। ਸਾਰੇ ਸਮਾਗਮ ਨੂੰ ਸਭਾ ਦੇ ਮੈਂਬਰ ਜਸਵੰਤ ਸਿੰਘ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ। ਪ੍ਰਧਾਨਗੀ ਸ਼ਬਦ ਜਸਬੀਰ ਸਿੰਘ ਧੀਮਾਨ ਨੇ ਪੇਸ਼ ਨਜ਼ਮਾਂ ਤੇ ਆਪਣੀਆਂ ਟਿੱਪਣੀਆਂ ਸਾਂਝੀਆਂ ਕਰਦਿਆਂ ਆਖੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ।  

LEAVE A REPLY

Please enter your comment!
Please enter your name here