Sunday, September 20, 2026
Home Crime ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਕੈਦ, ਕਈ ਦੇਸ਼ਾਂ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਕੈਦ, ਕਈ ਦੇਸ਼ਾਂ ‘ਚ ਕਰਦਾ ਸੀ ਕੋਕੀਨ ਤਸਕਰੀ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ ਕੈਨੇਡਾ ਦੇ ਓਂਟਾਰੀਓ ਸੂਬੇ ਨਾਲ ਸਬੰਧਤ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਕੋਈ ਆਮ ਨਸ਼ਾ ਤਸਕਰੀ ਦਾ ਨਹੀਂ, ਸਗੋਂ ਸਾਲ 2002 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਅਥਲੀਟ ਰਿਆਨ ਵੈਡਿੰਗ ਦੇ ਖ਼ਤਰਨਾਕ ਅੰਤਰਰਾਸ਼ਟਰੀ ਨਾਰਕੋ ਕਾਰਟੈਲ ਨਾਲ ਜੁੜਿਆ ਹੋਇਆ ਹੈ। ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਨੇ ਰਿਆਨ ਵੈਡਿੰਗ ਨੂੰ ‘ਅੱਜ ਦੇ ਦੌਰ ਦਾ ਪਾਬਲੋ ਐਸਕੋਬਾਰ’ ਕਰਾਰ ਦਿੱਤਾ ਹੋਇਆ ਹੈ, ਜੋ ਕੋਲੰਬੀਆ, ਮੈਕਸੀਕੋ ਅਤੇ ਅਮਰੀਕਾ ਰਾਹੀਂ ਕੈਨੇਡਾ ਵਿੱਚ ਕੋਕੀਨ ਦੀ ਇੱਕ ਵੱਡੀ ਸਪਲਾਈ ਲਾਈਨ ਚਲਾ ਰਿਹਾ ਸੀ। ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ 58 ਸਾਲਾ ਇਕਬਾਲ ਸਿੰਘ ਵਿਰਕ ਨੇ ਲਾਸ ਏਂਜਲਸ ਦੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਕਿ ਉਹ ਆਪਣੇ ਕਮਰਸ਼ੀਅਲ ਟਰੱਕ ਰਾਹੀਂ ਓਂਟਾਰੀਓ ਤੋਂ ਕੈਲੀਫੋਰਨੀਆ ਤੱਕ ਕੋਕੀਨ ਦੀਆਂ ਵੱਡੀਆਂ ਖੇਪਾਂ ਅਮਰੀਕਾ ਸਮੇਤ ਵੱਖ-ਵੱਖ ਟਿਕਾਣਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, 28 ਅਗਸਤ 2024 ਨੂੰ ਜਦੋਂ ਇਕਬਾਲ ਸਿੰਘ ਵਿਰਕ ਅਤੇ ਉਸ ਦਾ ਸਾਥੀ ਰਣਜੀਤ ਸਿੰਘ ਰੋਵਾਲ ਮਿਸ਼ੀਗਨ ਨੂੰ ਜੋੜਨ ਵਾਲੇ ਅੰਤਰਰਾਸ਼ਟਰੀ ਬਲੂ ਵਾਟਰ ਬ੍ਰਿਜ ਨੇੜੇ ਅਮਰੀਕੀ ਕਸਟਮ ਪੋਸਟ ‘ਤੇ ਪਹੁੰਚੇ, ਤਾਂ ਪਹਿਲਾਂ ਤੋਂ ਤਾਕ ਵਿੱਚ ਬੈਠੇ ਐੱਫ.ਬੀ.ਆਈ. ਅਧਿਕਾਰੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ।

Advertisements

ਦਰਅਸਲ, ਐੱਫ.ਬੀ.ਆਈ. ਨੇ ਇਸ ਨੈੱਟਵਰਕ ਦੀਆਂ ਗਤੀਵਿਧੀਆਂ ਨੂੰ ਬੇਨਕਾਬ ਕਰਨ ਲਈ ਪਹਿਲਾਂ ਹੀ ਗਰੋਹ ਅੰਦਰ ਆਪਣੇ ਗੁਪਤ ਏਜੰਟ (ਅੰਡਰਕਵਰ ਏਜੰਟ) ਤਾਇਨਾਤ ਕੀਤੇ ਹੋਏ ਸਨ। ਤਲਾਸ਼ੀ ਦੌਰਾਨ ਟਰੱਕ ਅੰਦਰ ਬਣਾਏ ਗਏ ਇੱਕ ਵਿਸ਼ੇਸ਼ ਗੁਪਤ ਚੈਂਬਰ ਵਿੱਚੋਂ 124 ਕਿੱਲੋ ਕੋਕੀਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 4 ਮਿਲੀਅਨ ਅਮਰੀਕੀ ਡਾਲਰ (ਕਰੀਬ 33 ਕਰੋੜ ਭਾਰਤੀ ਰੁਪਏ) ਦੱਸੀ ਜਾ ਰਹੀ ਹੈ। ਇਸ ਕੇਸ ਦੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਜੱਜ ਸ਼ੈਰੀਲਿਨ ਪੀਸ ਗਾਰਨੇਟ ਨੇ ਮਾਮਲੇ ਨਾਲ ਸਬੰਧਤ ਅਦਾਲਤੀ ਦਸਤਾਵੇਜ਼ਾਂ ‘ਤੇ ਸਖ਼ਤ ਪ੍ਰਾਈਵੇਸੀ ਆਰਡਰ (ਗੁਪਤਤਾ ਨਿਯਮ) ਲਾਗੂ ਕਰ ਦਿੱਤਾ ਸੀ। ਦੱਸਿਆ ਗਿਆ ਹੈ ਕਿ ਅਮਰੀਕੀ ਜਾਂਚ ਏਜੰਸੀਆਂ ਦਾ ਸਹਿਯੋਗ ਕਰ ਰਹੇ ਇੱਕ ਅਹਿਮ ਸਰਕਾਰੀ ਗਵਾਹ ਦਾ ਪਹਿਲਾਂ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਕਾਰਵਾਈ ਨੂੰ ਪੂਰੀ ਤਰ੍ਹਾਂ ਖ਼ੁਫ਼ੀਆ ਰੱਖਿਆ ਗਿਆ। ਇਸ ਨਾਰਕੋ ਸਿੰਡੀਕੇਟ ਦੇ ਮੁੱਖ ਸਰਗਨਾ ਰਿਆਨ ਵੈਡਿੰਗ ਨੂੰ ਜਨਵਰੀ ਮਹੀਨੇ ਦੌਰਾਨ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਫ਼ਿਲਹਾਲ ਅਮਰੀਕੀ ਜੇਲ੍ਹ ਵਿੱਚ ਬੰਦ ਹੈ। ਕਾਨੂੰਨੀ ਮਾਹਿਰਾਂ ਮੁਤਾਬਕ ਇਕਬਾਲ ਸਿੰਘ ਵਿਰਕ ਨੂੰ ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਉਮਰ ਕੈਦ ਦੀ ਸਜ਼ਾ ਹੋ ਸਕਦੀ ਸੀ, ਪਰ ਅਦਾਲਤ ਵਿੱਚ ਅਪਰਾਧ ਕਬੂਲਣ ਕਾਰਨ ਉਸ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਉਸ ਦੇ ਸਾਥੀ ਰਣਜੀਤ ਸਿੰਘ ਰੋਵਾਲ ਨੂੰ 37 ਮਹੀਨੇ ਦੀ ਜੇਲ੍ਹ ਸੁਣਾਈ ਗਈ ਹੈ। ਅਦਾਲਤੀ ਰਿਕਾਰਡ ਅਨੁਸਾਰ ਦੋਵੇਂ ਦੋਸ਼ੀ ਭਾਰਤੀ ਨਾਗਰਿਕ ਹਨ ਅਤੇ ਕੈਨੇਡਾ ਦੇ ਪੱਕੇ ਵਸਨੀਕ (ਪਰਮਾਨੈਂਟ ਰੈਜ਼ੀਡੈਂਟ – PR) ਹਨ। ਅਮਰੀਕੀ ਸੰਘੀ ਕਾਨੂੰਨ ਦੇ ਸਖ਼ਤ ਨਿਯਮਾਂ ਤਹਿਤ ਜੇਲ੍ਹ ਵਿੱਚ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਤੁਰੰਤ ਬਾਅਦ ਇਕਬਾਲ ਸਿੰਘ ਵਿਰਕ ਨੂੰ ਕੈਨੇਡਾ ਵਾਪਸ ਜਾਣ ਦੀ ਬਜਾਏ ਅਮਰੀਕਾ ਤੋਂ ਸਿੱਧਾ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here