
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪੱਟੀ ਸ਼ਹਿਰ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਲਤ ਨੇ 2 ਸਕੇ ਭਰਾਵਾਂ ਦੀ ਜਾਨ ਲੈ ਲਈ। ਇਸ ਘਟਨਾ ਨਾਲ ਜਿੱਥੇ ਇੱਕ ਹੱਸਦਾ-ਖੇਡਦਾ ਪਰਿਵਾਰ ਉੱਜੜ ਗਿਆ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਦੀਪ ਸਿੰਘ (36) ਅਤੇ ਸੋਨਾ ਸਿੰਘ (28), ਪੁੱਤਰ ਜਗਜੀਰ ਸਿੰਘ, ਵਾਸੀ ਪੱਟੀ ਵਜੋਂ ਹੋਈ ਹੈ। ਦੋਵੇਂ ਸਕੇ ਭਰਾ ਸਨ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ, ਪੱਟੀ ਦੇ ਤਾਰਾਂਵਾਲਾ ਸਕੂਲ (ਬਲਾਕ ਦਫ਼ਤਰ) ਦੇ ਅੰਦਰ ਬਣੇ ਇੱਕ ਕਮਰੇ ਵਿੱਚ ਇਹ ਪਰਿਵਾਰ ਪਿਛਲੇ ਕਰੀਬ 4 ਸਾਲਾਂ ਤੋਂ ਰਹਿ ਰਿਹਾ ਸੀ। ਦੋਵੇਂ ਭਰਾ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਗੁਰਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ 3 ਬੱਚੇ ਹਨ, ਜਦਕਿ ਉਸ ਦਾ ਛੋਟਾ ਭਰਾ ਸੋਨਾ ਸਿੰਘ ਅਜੇ ਕੁਆਰਾ ਸੀ।
ਮ੍ਰਿਤਕਾਂ ਦੀ ਮਾਤਾ ਸੁਰਿੰਦਰ ਕੌਰ ਅਤੇ ਭੈਣ ਸਤਵਿੰਦਰ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਉਨ੍ਹਾਂ ਅਨੁਸਾਰ ਸ਼ਨੀਵਾਰ ਰਾਤ ਨੂੰ ਦੋਵੇਂ ਭਰਾ ਨਸ਼ੇ ਦੀ ਹਾਲਤ ਵਿੱਚ ਆਪਣੇ ਕਮਰੇ ਵਿੱਚ ਸੌਂ ਗਏ ਸਨ, ਪਰ ਐਤਵਾਰ ਤੜਕਸਾਰ ਦੋਵਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਭਰਾ ਚਿੱਟੇ ਨਸ਼ੇ ਦਾ ਸੇਵਨ ਕਰਦਾ ਸੀ, ਜਦਕਿ ਦੂਜਾ ਨਸ਼ੀਲੀਆਂ ਗੋਲੀਆਂ ਖਾਣ ਦਾ ਆਦੀ ਸੀ।
ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇੱਕੋ ਘਰ ਵਿੱਚੋਂ 2 ਜਵਾਨ ਪੁੱਤਰਾਂ ਦੀਆਂ ਅਰਥੀਆਂ ਉੱਠਣ ਦੀ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।












