
ਸ੍ਰੀ ਗੋਇੰਦਵਾਲ ਸਾਹਿਬ (ਦ ਸਟੈਲਰ ਨਿਊਜ਼)। ਖਡੂਰ ਸਾਹਿਬ ਵਿਖੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗਲੀ ਵਿੱਚ ਖੜੇ 21 ਸਾਲ ਦੇ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁੱਖਕੀਰਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਦੇਹ ਕਬਜ਼ੇ ਵਿੱਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਉੱਥੇ ਹੀ ਇਸ ਕਤਲ ਸਬੰਧੀ ਅਜੇ ਤੱਕ ਕੋਈ ਵਜਾ ਸਾਹਮਣੇ ਨਹੀ ਆਈ। ਇਸ ਭੇਤਭਰੇ ਹਾਲਾਤ ਵਿੱਚ ਹੋਏ ਕਤਲ ਨੂੰ ਲੈ ਕੇ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੇ ਕਤਲ ਦਾ ਮਾਮਲਾ ਕਥਿਤ ਤੌਰ ’ਤੇ ਨਸ਼ਿਆਂ ਦੇ ਲੈਣ-ਦੇਣ ਨੂੰ ਲੈ ਕੇ ਮੰਨਿਆ ਜਾ ਰਿਹਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਇਸ ਕਤਲ ਨੂੰ ਕਿਸੇ ਲੜਾਈ ਝਗੜੇ ਦੇ ਮਾਮਲੇ ’ਤੇ ਹੋਇਆ ਕਤਲ ਦੱਸਿਆ ਗਿਆ ਹੈ ਪਰ ਪਰਿਵਾਰਕ ਮੈਂਬਰ ਇਸ ਮਾਮਲੇ ਨੂੰ ਸ਼ਪੱਸਟ ਨਹੀ ਕਰ ਸਕੇ। ਦਿਨ ਦਿਹਾੜੇ ਵਾਪਰੀ ਇਸ ਕਤਲ ਦੀ ਘਟਨਾ ਨੂੰ ਲੈ ਕੇ ਸਥਾਨਕ ਲੋਕ ਸਹਿਮ ਗਏ ਹਨ।
ਪੁਲਿਸ ਸੂਤਰਾਂ ਅਨੁਸਾਰ ਇਸ ਕਤਲ ਦਾ ਕਾਰਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਖਹਿਬਾਜ਼ੀ ਦੱਸੀ ਜਾ ਰਹੀ ਹੈ। ਉੱਥੇ ਹੀ ਮੌਕੇ ’ਤੇ ਪਹੁੰਚੇ ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੌਜਵਾਨ ਦੇ ਕਤਲ ਸਬੰਧੀ ਜਾਂਚ ਕਰ ਰਹੀ ਹੈ। ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।











