
ਦਿੱਲੀ (ਦ ਸਟੈਲਰ ਨਿਊਜ਼)। ਕੈਲੇਫੋਰਨੀਆ ਦੇ ਯੂਬਾ ਸਿਟੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਲਾਨਾ ਨਗਰ ਕੀਰਤਨ ਦੌਰਾਨ ਗੋਲੀਬਾਰੀ ਅਤੇ ਛੁਰੇਬਾਜ਼ੀ ਦੀਆਂ 2 ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਇਸ ਸਾਰੀ ਮਾਮਲੇ ਦੀ ਪੁਸ਼ਟੀ ਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਵੱਲੋਂ ਕੀਤੀ ਗਈ ਹੈ। ਸ਼ੈਰਿਫ਼ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ, ਗੋਲੀਬਾਰੀ ਦੀ ਇਹ ਘਟਨਾ ਹੈਲੋਵੀਨ ਵਾਲੇ ਦਿਨ, ਯਾਨੀ ਨਗਰ ਕੀਰਤਨ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ, ਟੀਏਰਾ ਬੁਏਨਾ ਰੋਡ ’ਤੇ ਸਥਿਤ ਪਾਰਕਿੰਗ ਲਾਟ ‘ਏ’ ਵਿੱਚ ਹੋਈ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਨੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਹੈ।

ਇਸੇ ਦੌਰਾਨ ਐਤਵਾਰ ਨੂੰ ਨਗਰ ਕੀਰਤਨ ਦੀ ਸਮਾਪਤੀ ਦੇ ਨੇੜੇ 2 ਗੁੱਟਾਂ ਦੀ ਲੜਾਈ ਦਰਮਿਆਨ ਛੁਰੇਬਾਜ਼ੀ ਦੀ ਘਟਨਾ ਵਾਪਰੀ, ਜਿਸ ਵਿੱਚ 2 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਲਈ ਯੂਸੀ ਡੇਵਿਸ ਮੈਡੀਕਲ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ। ਸ਼ੈਰਿਫ਼ ਦਫ਼ਤਰ ਨੇ ਇਸ ਮਾਮਲੇ ਵਿੱਚ ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸਟਰ ਕਾਊਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਸ ਵਿਰੁੱਧ ਅਪਰਾਧ ਦੀ ਸਾਜ਼ਿਸ਼ ਰਚਣ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ, ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ, ਹਮਲੇ ਦੌਰਾਨ ਸਰੀਰਕ ਸੱਟ ਪਹੁੰਚਾਉਣ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਆਰੋਪ ਲਗਾਏ ਗਏ ਹਨ।
ਸ਼ੈਰਿਫ਼ ਦਫ਼ਤਰ ਅਨੁਸਾਰ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਅਤੇ ਛੁਰੇਬਾਜ਼ੀ ਦੀਆਂ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ। ਜਾਂਚਕਰਤਾ ਇਸ ਮਾਮਲੇ ਦੀ ਜਾਂਚ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ਵਿੱਚ ਹਨ।












