
ਨਾਭਾ (ਦ ਸਟੈਲਰ ਨਿਊਜ਼)। ਨਾਭਾ ਦੇ ਪਿੰਡ ਅਚਲ ਵਿਖੇ ਇੱਕ ਹੋਰ ਓਵਰਡੋਜ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 23 ਸਾਲਾਂ ਕਰਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੀ ਲਾਸ਼ ਕਥਿਤ ਤੌਰ ਤੇ ਇੱਕ ਨਸ਼ਾ ਤਸਕਰ ਦੇ ਘਰ ਤੋਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਕਰਨਪ੍ਰੀਤ ਸਿੰਘ ਇੱਕ ਜਿਮੀਦਾਰ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਜੋ ਬਾਰਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੇ ਸੁਪਨੇ ਵੇਖ ਰਿਹਾ ਸੀ। ਪਰ ਅਚਾਨਕ ਕੁਝ ਮਹੀਨੇ ਪਹਿਲਾਂ ਹੀ ਚਿੱਟੇ ਦੀ ਦਲਦਲ ਵਿੱਚ ਫਸ ਗਿਆ। ਪਰਿਵਾਰ ਵੱਲੋਂ ਨਸ਼ਾ ਛੁਡਾਉਣ ਲਈ ਨਸ਼ਾ ਛੁੜਾਉ ਕੇਂਦਰ ਲਈ ਪਿਛਲੇ ਤਿੰਨ ਮਹੀਨੇ ਤੋਂ ਭੇਜਿਆ ਸੀ ਤੇ ਤਿੰਨ ਦਿਨ ਪਹਿਲਾਂ ਹੀ ਘਰ ਵਾਪਸ ਪਰਤਿਆ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਮੀਦ ਸੀ ਕਿ ਹੁਣ ਉਹ ਨਸ਼ਾ ਨਹੀਂ ਕਰੇਗਾ ਪਰ ਪਿੰਡ ਵਿੱਚ ਆਮ ਨਸ਼ਾ ਮਿਲਣ ਦੇ ਆਰੋਪਾਂ ਤਹਿਤ ਹੀ ਦੁਬਾਰਾ ਨਸ਼ਾ ਕੀਤਾ ਅਤੇ ਅੱਜ ਸਵੇਰੇ 10 ਵਜੇ ਉਸ ਦੀ ਲਾਸ਼ ਇੱਕ ਬੋਵੀ ਨਾਮ ਦੇ ਵਿਅਕਤੀ ਦੇ ਘਰ ਤੋਂ ਮਿਲੀ, ਜੋ ਕਿ ਮੌਕੇ ਤੋਂ ਫਰਾਰ ਹੋ ਗਏ। ਪੀੜਤ ਮਾਪੇ ਆਪਣੇ ਬੱਚੇ ਨੂੰ ਜਦੋਂ ਸਿਵਿਲ ਹਸਪਤਾਲ ਨਾਭਾ ਲੈ ਕੇ ਆਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਪੀੜਤ ਪਰਿਵਾਰ ਨੇ ਪੁਲਿਸ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮ੍ਰਿਤਕ ਕਰਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੇ ਆਰੋਪ ਲਗਾਇਆ ਕਿ ਉਨ੍ਹਾਂ ਵੱਲੋਂ ਕਈ ਵਾਰ ਪੁਲਿਸ ਨੂੰ ਇਲਾਕੇ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਸ਼ਾਇਦ ਉਨ੍ਹਾਂ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ। ਪਿੰਡ ਵਾਸੀਆਂ ਨੇ ਵੀ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ। ਉਨ੍ਹਾਂ ਆਰੋਪ ਲਗਾਇਆ ਕਿ ਨਾਭਾ ਇਲਾਕੇ ਵਿੱਚ ਕਥਿਤ ਤੌਰ ਤੇ ਸਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਪੁਲਿਸ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਮੁਤਾਬਕ ਕਰਨਪ੍ਰੀਤ ਸਿੰਘ ਦੀ ਮੌਤ ਕਥਿਤ ਤੌਰ ’ਤੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਬੌਬੀ ਨਾਮ ਦੇ ਵਿਅਕਤੀ ਦੇ ਘਰ ਹੋਈ। ਉਨ੍ਹਾਂ ਆਰੋਪ ਲਗਾਇਆ ਕਿ ਉਕਤ ਵਿਅਕਤੀ ਖੁਦ ਚਿੱਟਾ ਵੇਚਦਾ ਹੈ। ਹਾਲਾਂਕਿ ਇਨ੍ਹਾਂ ਆਰੋਪਾਂ ਦੀ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।












