Thursday, November 12, 2026
Home Crime ਰਾਸ਼ਨ ਲੈਣ ਗਏ ਨੌਜਵਾਨ ਦਾ ਕਤਲ, ਸ਼ਮਸ਼ਾਨਘਾਟ ਤੋ ਲਾਸ਼ ਬਰਾਮਦ

ਰਾਸ਼ਨ ਲੈਣ ਗਏ ਨੌਜਵਾਨ ਦਾ ਕਤਲ, ਸ਼ਮਸ਼ਾਨਘਾਟ ਤੋ ਲਾਸ਼ ਬਰਾਮਦ

ਲੁਧਿਆਣਾ (ਦ ਸਟੈਲਰ ਨਿਊਜ਼)। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਹਲਕਾ ਦਾਖਾ ਤੋਂ ਇੱਕ ਬੇਹੱਦ ਦਿਲ-ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਲਤਾਲਾ ਵਿੱਚ, ਇੱਕ 20 ਸਾਲਾ ਨੌਜਵਾਨ ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਇੱਕ ਉੱਭਰਦੇ ਹੋਏ ਖਿਡਾਰੀ ਦੀ ਇਸ ਤਰ੍ਹਾਂ ਹੋਈ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਘਰੋਂ ਸਕੂਟੀ ’ਤੇ ਰਾਸ਼ਨ ਲੈਣ ਨਿਕਲਿਆ ਨੌਜਵਾਨ ਮੁੜ ਘਰ ਨਹੀਂ ਪਰਤਿਆ, ਪਰਿਵਾਰ ਰਾਤ ਭਰ ਉਸਦੀ ਭਾਲ ਕਰਦਾ ਰਿਹਾ ਅਤੇ ਆਖਰਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ ਕਰਨਵੀਰ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਇਸ ਕਤਲ ਪਿੱਛੇ ਨਿੱਜੀ ਰੰਜਿਸ਼ ਅਤੇ ਮੁੱਖ ਮੁਲਜ਼ਮ ਦੀ ਭੈਣ ਨਾਲ ਗੱਲਬਾਤ ਹੋਣ ਦਾ ਸ਼ੱਕ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਲਗਾਏ ਗਏ ਆਰੋਪਾਂ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisements

ਪਿੰਡ ਲਤਾਲਾ ਦੀ ਇਹ ਵਾਰਦਾਤ ਕਈ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਜਾਣਕਾਰੀ ਅਨੁਸਾਰ 10 ਨਵੰਬਰ ਦੀ ਸ਼ਾਮ ਕਰੀਬ 7 ਵਜੇ 20 ਸਾਲਾ ਫੁੱਟਬਾਲ ਖਿਡਾਰੀ ਕਰਨਵੀਰ ਸਿੰਘ ਉਰਫ਼ ਗੋਪੀ ਆਪਣੀ ਸਕੂਟੀ ’ਤੇ ਘਰੋਂ ਰਾਸ਼ਨ ਲੈਣ ਲਈ ਨਿਕਲਿਆ ਸੀ। ਪਰ ਦੇਰ ਰਾਤ ਤੱਕ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਨੂੰ ਚਿੰਤਾ ਸਤਾਉਣ ਲੱਗੀ। ਮਾਂ ਅਤੇ ਵੱਡੇ ਭਰਾ ਰਮਨਪ੍ਰੀਤ ਸਿੰਘ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਪਰਿਵਾਰ ਪਿੰਡ ਦੇ ਹੀ ਗੁਰਕੀਰਤ ਸਿੰਘ ਰਵੀ ਦੇ ਘਰ ਵੀ ਪਹੁੰਚਿਆ, ਜਿੱਥੇ ਕਰਨਵੀਰ ਦਾ ਆਮ ਆਉਣਾ-ਜਾਣਾ ਦੱਸਿਆ ਜਾਂਦਾ ਹੈ। ਪਰਿਵਾਰਕ ਬਿਆਨਾਂ ਅਨੁਸਾਰ ਗੁਰਕੀਰਤ ਰਵੀ ਵੀ ਉਨ੍ਹਾਂ ਨਾਲ ਕਰਨਵੀਰ ਦੀ ਭਾਲ ਵਿੱਚ ਸ਼ਾਮਲ ਹੋ ਗਿਆ।

ਇਸੇ ਦੌਰਾਨ ਕਰਨਵੀਰ ਦੀ ਸਕੂਟੀ ਇੱਕ ਜਗ੍ਹਾ ਖੜ੍ਹੀ ਮਿਲਣ ਦੀ ਜਾਣਕਾਰੀ ਮਿਲੀ ਅਤੇ ਜਦੋਂ ਪਰਿਵਾਰਕ ਮੈਂਬਰ ਤੇ ਹੋਰ ਵਿਅਕਤੀ ਪਿੰਡ ਦੇ ਪਾਰਕ ਨੇੜੇ ਸ਼ਮਸ਼ਾਨਘਾਟ ਪਹੁੰਚੇ ਤਾਂ ਉੱਥੇ ਸਕੂਟੀ ਕੋਲ ਕਰਨਵੀਰ ਦੀ ਲਾਸ਼ ਪਈ ਮਿਲੀ। ਮ੍ਰਿਤਕ ਦੇ ਮੂੰਹ ਵਿੱਚ ਚਿੱਟੇ ਰੰਗ ਦੀ ਪਲਾਸਟਿਕ ਦੀ ਬੋਰੀ ਤੁੰਨੀ ਹੋਈ ਸੀ। ਸਰੀਰ ’ਤੇ ਕੱਟਾਂ ਦੇ ਨਿਸ਼ਾਨ ਵੀ ਸਨ ਅਤੇ ਨੇੜੇ ਲੱਕੜ ਦਾ ਡੰਡਾ ਪਿਆ ਹੋਇਆ ਸੀ। ਇਸ ਤੋਂ ਬਾਅਦ ਗੁਰਕੀਰਤ ਰਵੀ ਆਪਣੀ ਗੱਡੀ ਰਾਹੀਂ ਕਰਨਵੀਰ ਨੂੰ ਅਹਿਮਦਗੜ੍ਹ ਦੇ ਹਿੰਦ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਕਤਲ ਮਾਮਲੇ ਵਿੱਚ ਹੁਣ ਪਰਿਵਾਰ ਵੱਲੋਂ ਲਗਾਏ ਗਏ ਆਰੋਪਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ੱਕ ਜ਼ਾਹਰ ਕੀਤਾ ਕਿ ਗੁਰਕੀਰਤ ਸਿੰਘ ਰਵੀ ਨੂੰ ਸ਼ੱਕ ਸੀ ਕਿ ਕਰਨਵੀਰ ਗੋਪੀ ਦੀ ਉਸਦੀ ਭੈਣ ਨਾਲ ਗੱਲਬਾਤ ਹੈ। ਪਰਿਵਾਰ ਦਾ ਆਰੋਪ ਹੈ ਕਿ ਇਸੇ ਸ਼ੱਕ ਕਾਰਨ ਗੁਰਕੀਰਤ ਰਵੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਨਵੀਰ ਦਾ ਕਤਲ ਕੀਤਾ।

ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਜੋਧਾਂ ਅਧੀਨ ਚੌਂਕੀ ਛਪਾਰ ਵਿਖੇ ਮੁਕੱਦਮਾ ਨੰਬਰ 167 ਦਰਜ ਕੀਤਾ ਹੈ। ਬੀ.ਐੱਨ.ਐੱਸ. ਦੀਆਂ ਧਾਰਾਵਾਂ 103 ਅਤੇ 3(5) ਤਹਿਤ ਗੁਰਕੀਰਤ ਸਿੰਘ ਰਵੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁੱਖ ਮੁਲਜ਼ਮ ਗੁਰਕੀਰਤ ਸਿੰਘ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here