
ਚੰਡੀਗੜ੍ਹ (ਦ ਸਟੈਲਰ ਨਿਊਜ਼)। ‘ਪੰਜਾਬ ਦਾ ਕਰੋੜਪਤੀ’ ਕੁਇਜ਼ ਪ੍ਰੋਗਰਾਮ ਅਤੇ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਕਾਬਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਨਗਦ ਇਨਾਮ ਮਿਲੇਗਾ ਅਤੇ ਕੁੱਲ 10,000 ਤੋਂ ਵੱਧ ਨੌਜਵਾਨਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਇਹ ਇੱਕ ਸਵਾਲ-ਜਵਾਬ (ਕੁਇਜ਼) ਆਧਾਰਿਤ ਮੁਕਾਬਲਾ ਹੈ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਬਾਰੇ ਜਾਣੂ ਕਰਵਾਉਣ ਲਈ ਅਤੇ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਅੱਗੇ ਲਿਆਉਣ ਲਈ ਇਹ ਪਹਿਲ ਕਦਮੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਸਿੱਧ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਪੈਟਰਨ ’ਤੇ ਤਿਆਰ ਕੀਤੇ ਗਏ ਇਸ ਵਿਸ਼ੇਸ਼ ਪੋਰਟਲ ਨੂੰ ਲਾਂਚ ਕੀਤਾ ਗਿਆ। ਕੁੱਲ 11 ਪੜਾਵਾਂ ਵਾਲੇ ਇਸ ਮੁਕਾਬਲੇ ਦੇ ਸ਼ੁਰੂਆਤੀ ਨੌਂ ਗੇੜ ਆਨਲਾਈਨ ਮਾਧਿਅਮ ਰਾਹੀਂ ਮੁਕੰਮਲ ਹੋਣਗੇ, ਜਦਕਿ ਇਨ੍ਹਾਂ ਵਿੱਚੋਂ ਚੁਣੇ ਗਏ ਉਮੀਦਵਾਰਾਂ ਲਈ ਅੰਤਿਮ 2 ਪੜਾਅ ਆਫ਼ਲਾਈਨ ਕਰਵਾਏ ਜਾਣਗੇ।

ਇਸ ਮੁਕਾਬਲੇ ਵਿੱਚ 15 ਤੋਂ 30 ਸਾਲ ਤੱਕ ਦੇ ਨੌਜਵਾਨ ਹਿੱਸਾ ਲੈ ਸਕਣਗੇ। ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਭੂਗੋਲ ’ਤੇ ਕੇਂਦਰਿਤ ਹੋਣ ਕਾਰਨ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀ ਖੇਤਰੀ ਪਛਾਣ ਨਾਲ ਜੋੜਨ ਦਾ ਵੀ ਇੱਕ ਜ਼ਰੀਆ ਬਣੇਗਾ। ਮੁੱਖ ਮੰਤਰੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪੋਰਟਲ ’ਤੇ 50 ਹਜ਼ਾਰ ਸਵਾਲਾਂ ਦਾ ਖ਼ਜ਼ਾਨਾ (ਬੈਂਕ) ਅਪਲੋਡ ਕੀਤਾ ਗਿਆ ਹੈ। 15 ਤੋਂ 30 ਸਾਲ ਦੀ ਉਮਰ ਹੱਦ ਵਾਲੇ ਉਮੀਦਵਾਰ ਇਸ ਲਈ ਯੋਗ ਹਨ। ਹਰੇਕ ਸਵਾਲ ਦੇ 4 ਸੰਭਾਵੀ ਉੱਤਰ ਦਿੱਤੇ ਜਾਣਗੇ ਅਤੇ ਅਗਲੇ ਪੜਾਅ ਵਿੱਚ ਪਹੁੰਚਣ ਲਈ ਭਾਗੀਦਾਰਾਂ ਨੂੰ ਹਰ ਪੱਧਰ ਪਾਰ ਕਰਨਾ ਲਾਜ਼ਮੀ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਜਿਵੇਂ-ਜਿਵੇਂ ਮੁਕਾਬਲਾ ਅਗਲੇ ਪੜਾਵਾਂ ਵੱਲ ਵਧੇਗਾ, ਸਵਾਲਾਂ ਦਾ ਪੱਧਰ ਵੀ ਔਖਾ ਹੁੰਦਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਵਿੱਚ ਪੁੱਛੇ ਜਾਣ ਵਾਲੇ ਸਵਾਲ ਸੂਬੇ ਦੀਆਂ ਵੱਖ-ਵੱਖ ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਪੈਟਰਨ ਨਾਲ ਮਿਲਦੇ-ਜੁਲਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਯੋਜਨਾ ਪਿੱਛੇ 3 ਮੁੱਖ ਟੀਚੇ ਹਨ- ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਕਮਾਈ ਕਰਨ ਦੇ ਸਮਰੱਥ ਬਣਾਉਣਾ, ਉਨ੍ਹਾਂ ਦੇ ਆਮ ਗਿਆਨ ਵਿੱਚ ਵਾਧਾ ਕਰਨਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਾਈ ਹੋਣਾ। ਉਨ੍ਹਾਂ ਕਿਹਾ ਕਿ ਚੋਟੀ ਦੇ 10,000 ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਜੇਤੂ ਨੂੰ 1 ਕਰੋੜ ਰੁਪਏ ਮਿਲਣਗੇ ਅਤੇ 4 ਉਪ-ਜੇਤੂਆਂ (ਰਨਰ-ਅੱਪ) ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਮਾਨ ਨੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਨੌਜਵਾਨਾਂ ਵਿੱਚ ਉਸਾਰੂ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨ ਲਈ ਉਲੀਕਿਆ ਗਿਆ ਹੈ ਅਤੇ ਇਸ ਨੂੰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ।











