
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਤੋਂ ਇਸ ਵੇਲੇ ਦੀ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਵੀਰਵਾਰ ਤੜਕਸਾਰ ਪਟਿਆਲਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਪਰ ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣੋ ਬਚ ਗਿਆ। ਦਰਅਸਲ, ਭਾਖੜਾ ਨਹਿਰ ‘ਤੇ ਬਣਿਆ ਇੱਕ ਲੋਹੇ ਦਾ ਪੁੱਲ ਅਚਾਨਕ ਡਿੱਗ ਕੇ ਜ਼ਮੀਨ ਵਿੱਚ ਧੱਸ ਗਿਆ। ਮਿਲੀ ਜਾਣਕਾਰੀ ਅਨੁਸਾਰ, ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਪੁੱਲ ਦੇ ਉੱਪਰੋਂ ਟਰੱਕਾਂ ਦੀ ਆਵਾਜਾਈ ਚੱਲ ਰਹੀ ਸੀ। ਪੁੱਲ ਦੇ ਅਚਾਨਕ ਧੱਸਣ ਕਾਰਨ ਉੱਥੋਂ ਲੰਘ ਰਹੇ ਦੋ ਟਰੱਕ ਮੌਕੇ ‘ਤੇ ਹੀ ਪੁੱਲ ਦੇ ਵਿੱਚ ਧੱਸ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਇੱਕ ਟਰੱਕ ਨੂੰ ਅਚਾਨਕ ਅੱਗ ਵੀ ਲੱਗ ਗਈ, ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।

ਮੌਕੇ ਤੋਂ ਜਾਣਕਾਰੀ ਅਨੁਸਾਰ, ਇਹ ਪੁੱਲ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਾਸਿਆਣਾ ਨੇੜੇ ਬਣਿਆ ਹੋਇਆ ਹੈ। ਅੱਜ ਤੜਕਸਾਰ ਜਦੋਂ ਦੋ ਟਰਾਲੇ ਪੁੱਲ ਦੇ ਉਪਰੋਂ ਲੰਘ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰੀ, ਜਿਸ ਦੌਰਾਨ ਪੁੱਲ ਅਚਾਨਕ ਟੁੱਟ ਗਿਆ ਅਤੇ ਧੱਸ ਗਿਆ। ਹਾਲਾਂਕਿ, ਪੁੱਲ ਟੁੱਟਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ, ਘਟਨਾ ਕਾਰਨ ਮੌਕੇ ‘ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਕਿਉਂਕਿ ਇਹ ਚੰਡੀਗੜ੍ਹ-ਬਠਿੰਡਾ ਲਈ ਮੁੱਖ ਰਸਤਾ ਹੈ। ਟਰੱਕ ਨੂੰ ਅੱਗ ਲੱਗਣ ਦੀ ਘਟਨਾ ਪਿੱਛੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਅੱਗ ‘ਤੇ ਕਾਬੂ ਪਾ ਲਿਆ। ਭਾਵੇਂ ਇਸ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਪੁੱਲ ਦੇ ਅਚਾਨਕ ਇਸ ਤਰ੍ਹਾਂ ਡਿੱਗਣ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਹਨ ਕਿਉਂਕਿ ਕੁੱਝ ਸਮਾਂ ਪਹਿਲਾਂ ਹੀ ਇਸ ਪੁੱਲ ਦੀ ਮੁਰੰਮਤ ਹੋਈ ਸੀ।
ਪੁੱਲ ਡਿੱਗਣ ਕਾਰਨ ਭਾਖੜਾ ਨਦੀ ਦਾ ਪਾਣੀ ਵੀ ਉੱਪਰੋਂ ਵਹਿਣਾ ਸ਼ੁਰੂ ਹੋ ਗਿਆ ਹੈ। ਪੁਲ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਦੋਵਾਂ ਟਰੱਕਾਂ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਉਨ੍ਹਾਂ ਦੇ ਮੌਜੂਦਾ ਟਿਕਾਣੇ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ।












