Saturday, November 21, 2026
Home Punjab ਪਰਾਲੀ ਦੇ ਧੂੰਏਂ ਦਾ ਕਹਿਰ: ਬਾਈਕਾਂ ਦੀ ਟੱਕਰ ਮਗਰੋਂ ਬਲਦੇ ਖੇਤ ‘ਚ...

ਪਰਾਲੀ ਦੇ ਧੂੰਏਂ ਦਾ ਕਹਿਰ: ਬਾਈਕਾਂ ਦੀ ਟੱਕਰ ਮਗਰੋਂ ਬਲਦੇ ਖੇਤ ‘ਚ ਡਿੱਗੇ ਪਤੀ-ਪਤਨੀ, ਪਤਨੀ ਦੀ ਝੁਲਸਣ ਨਾਲ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਖੇਤਾਂ ਵਿੱਚ ਪਰਾਲੀ ਨੂੰ ਲਾਈ ਜਾਣ ਵਾਲੀ ਅੱਗ ਇੱਕ ਵਾਰ ਫਿਰ ਕੀਮਤੀ ਜਾਨਾਂ ‘ਤੇ ਭਾਰੀ ਪਈ ਹੈ। ਤਾਜ਼ਾ ਮਾਮਲਾ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਜੈਪੁਰਾ ਨੇੜਿਓਂ ਸਾਹਮਣੇ ਆਇਆ ਹੈ, ਜਿੱਥੇ ਪਰਾਲੀ ਦੇ ਸੰਘਣੇ ਧੂੰਏਂ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 2 ਮੋਟਰਸਾਈਕਲਾਂ ਅਤੇ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

Advertisements

ਮੌਕੇ ‘ਤੇ ਮੌਜੂਦ ਚਸ਼ਮਦੀਦ ਰਮਨਦੀਪ ਸਿੰਘ ਅਨੁਸਾਰ, ਸੜਕ ਦੇ ਨਾਲ ਲੱਗਦੇ ਗੁਰਦੀਪ ਸਿੰਘ ਨਾਮਕ ਕਿਸਾਨ ਦੇ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਅੱਗ ਦਾ ਧੂੰਆਂ ਸੜਕ ‘ਤੇ ਫੈਲਣ ਕਾਰਨ ਵਿਜ਼ੀਬਿਲਟੀ ਬਿਲਕੁਲ ਘੱਟ ਗਈ, ਜਿਸ ਕਾਰਨ ਸਾਹਮਣਿਓਂ ਆ ਰਹੀ ਇੱਕ ਕਾਰ ਅਤੇ 2 ਮੋਟਰਸਾਈਕਲ ਆਪਸ ਵਿੱਚ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਵਾਹਨ ਸਵਾਰ ਸਿੱਧੇ ਅੱਗ ਲੱਗੇ ਖੇਤ ਵਿੱਚ ਜਾ ਡਿੱਗੇ। ​ਪੁਲਿਸ ਅਧਿਕਾਰੀ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਕਰੀਬ 50-55 ਸਾਲਾ ਮਨਜੀਤ ਕੌਰ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੇ ਨਾਲ ਸਫ਼ਰ ਕਰ ਰਹੇ ਉਨ੍ਹਾਂ ਦੇ ਪਤੀ ਨੂੰ ਵੀ ਕਈ ਥਾਵਾਂ ‘ਤੇ ਫਰੈਕਚਰ ਆਏ ਹਨ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

​ਇਸ ਤੋਂ ਇਲਾਵਾ ਦੂਜੇ ਮੋਟਰਸਾਈਕਲ ‘ਤੇ ਸਵਾਰ ਪਾਇਲ ਦੇ ਰਹਿਣ ਵਾਲੇ ਜਸਪਾਲ ਸਿੰਘ ਅਤੇ ਸੁਰਿੰਦਰ ਸਿੰਘ ਵੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ ਹਨ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿੱਧੂ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਐੱਸ.ਡੀ.ਐੱਮ. ਪਾਇਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਪਾਇਲ ਦੇ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਜੈਪੁਰਾਂ ਦੇ ਕਿਸਾਨ ਗੁਰਦੀਪ ਸਿੰਘ ਨੇ ਸੜਕ ਦੇ ਕਿਨਾਰੇ 2 ਤੋਂ 3 ਵਿੱਘੇ ਪਰਾਲੀ ਨੂੰ ਅੱਗ ਲਗਾਈ ਸੀ। ਇਸ ਅਣਗਹਿਲੀ ਕਾਰਨ ਹੀ ਇਹ ਭਿਆਨਕ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮੁਲਜ਼ਮ ਕਿਸਾਨ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here