Friday, November 20, 2026
Home Crime ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦੀ ਕਾਰ ਨੇ ਬੱਚੀ ਨੂੰ ਮਾਰੀ ਟੱਕਰ,...

ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦੀ ਕਾਰ ਨੇ ਬੱਚੀ ਨੂੰ ਮਾਰੀ ਟੱਕਰ, ਹਾਲਤ ਗੰਭੀਰ

ਅੰਮ੍ਰਿਤਸਰ (ਦ  ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਕਥਿਤ ਤੌਰ ਤੇ ਨਸ਼ੇ ਦੀ ਹਾਲਤ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਆਲਟੋ ਕਾਰ ਨੇ ਸਕੂਲ ਤੋਂ ਘਰ ਪਰਤ ਰਹੀ 12 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੀ ਕਾਰ ਦੇ ਹੇਠਾਂ ਫਸ ਗਈ। ਮੌਕੇ ਤੇ ਮੌਜੂਦ ਰਾਹਗੀਰਾਂ ਤੇ ਸਥਾਨਕ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕਾਰ ਹੇਠੋਂ ਬਾਹਰ ਕੱਢਿਆ। ਲੋਕਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਘੇਰ ਕੇ ਕਾਬੂ ਕਰ ਲਿਆ ਤੇ ਸੁਲਤਾਨਵਿੰਡ ਪੁਲਿਸ ਚੌਕੀ ਦੇ ਹਵਾਲੇ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ ਮੁਲਜ਼ਮ ਪੁਲਿਸ ਮੁਲਾਜ਼ਮ ਦੀ ਪਹਿਚਾਣ ਹੌਲਦਾਰ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਅੰਬੇਡਕਰ ਸਮਾਜ ਦਲ ਦੇ ਯੂਥ ਪ੍ਰਧਾਨ ਰਾਹੁਲ ਸੋਰੀ ਨੇ ਦੱਸਿਆ ਕਿ ਹਾਦਸੇ ਸਮੇਂ ਮੁਲਜ਼ਮ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਸੀ। ਉਨ੍ਹਾਂ ਦੇ ਦਾਅਵੇ ਅਨੁਸਾਰ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ ਤੇ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ। ਇਲਜ਼ਾਮ ਹੈ ਕਿ ਲੋਕਾਂ ਵੱਲੋਂ ਜਦੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਸ਼ਰਾਬ ਦੀ ਬੋਤਲ, ਸਿਗਰਟ ਤੇ ਲਾਈਟਰ ਵੀ ਮਿਲੇ।

Advertisements

ਰਾਹੁਲ ਸੋਰੀ ਨੇ ਸਵਾਲ ਚੁੱਕਿਆ ਕਿ ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਪੁਲਿਸ ਦਾ ਮੁਲਾਜ਼ਮ ਖੁਦ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਸੜਕ ‘ਤੇ ਗੱਡੀ ਕਿਵੇਂ ਚਲਾ ਰਿਹਾ ਸੀ।ਹਾਦਸੇ ‘ਚ ਜ਼ਖ਼ਮੀ ਹੋਈ ਬੱਚੀ ਦੀ ਦੇਖਭਾਲ ਕਰਨ ਵਾਲੀ ਪ੍ਰੀਤੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ 12 ਸਾਲਾ ਬੱਚੀ ਦੇ ਸਿਰ ਤੋਂ ਪਹਿਲਾਂ ਹੀ ਮਾਤਾ-ਪਿਤਾ ਤੇ ਦਾਦਾ-ਦਾਦੀ ਦਾ ਸਾਇਆ ਉੱਠ ਚੁੱਕਾ ਹੈ। ਉਹ ਰਿਸ਼ਤੇ ਵਿੱਚ ਬੱਚੀ ਦੀ ਭੂਆ ਲੱਗਦੀ ਹੈ, ਪਰ ਬੱਚੀ ਉਸ ਨੂੰ ਆਪਣੀ ਮਾਂ ਵਾਂਗ ਮੰਨਦੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਤੇ ਪਰਿਵਾਰ ਦੇ ਮੈਂਬਰ ਦਿਵਿਆਂਗ ਹਨ। ਆਰਥਿਕ ਹਾਲਾਤ ਵੀ ਠੀਕ ਨਹੀਂ ਹਨ। ਪ੍ਰੀਤੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚੀ ਦਾ ਪੂਰਾ ਇਲਾਜ ਮੁਫ਼ਤ ਕਰਵਾਇਆ ਜਾਵੇ ਤੇ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਤੁਰੰਤ ਮੁਅੱਤਲ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਅੰਬੇਡਕਰ ਸਮਾਜ ਦਲ ਨੇ ਵੀ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਸੁਲਤਾਨਵਿੰਡ ਪੁਲਿਸ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੁਲਜ਼ਮ ਹੌਲਦਾਰ ਨੂੰ ਹਿਰਾਸਤ ‘ਚ ਲੈ ਲਿਆ ਤੇ ਉਸ ਦੀ ਕਾਰ ਵੀ ਕਬਜ਼ੇ ਵਿੱਚ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਤੇ ਜ਼ਖ਼ਮੀ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here