
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਪਾਤੜਾਂ ਨੇੜੇ ਟੀ-ਪੁਆਇੰਟ ਹਾਮਝੇੜੀ ਬਾਈਪਾਸ ਕੋਲ ਇੱਕ ਬੱਸ ਨਾਲ ਹਾਦਸੇ ਦੀ ਸ਼ਿਕਾਰ ਹੋ ਗਈ। ਦਰਅਸਲ ਬੱਸ ਦੇ ਅੱਗੇ ਸਕੂਟੀ ਤੇ 2 ਕੁੜੀਆ ਜਾ ਰਹੀਆਂ ਸਨ, ਜਿਨ੍ਹਾਂ ਨੂੰ ਬਚਾਉਂਦਿਆਂ ਬੱਸ ਸੜਕ ਤੋਂ ਹੇਠਾਂ ਉਤਰ ਗਈ। ਇਹ ਘਟਨਾ ਅੱਜ ਸਵੇਰੇ 7 ਵਜੇ ਦੇ ਕਰੀਬ ਵਾਪਰੀ, ਜਦੋਂ ਫਤਿਆਬਾਦ ਤੋਂ ਪਾਤੜਾਂ ਵੱਲ ਆ ਰਹੀ ਬੱਸ ਹਾਮਝੇੜੀ ਬਾਈਪਾਸ ਟੀ-ਪੁਆਇੰਟ ਨੇੜੇ ਜਾਖਲ-ਪਾਤੜਾਂ ਸੜਕ ’ਤੇ ਜਾ ਰਹੀ ਸੀ।

ਬੱਸ ਕੰਡਕਟਰ ਅਨੁਸਾਰ, ਇੱਕ ਇਲੈਕਟ੍ਰਿਕ ਸਕੂਟੀ ’ਤੇ ਸਵਾਰ 2 ਲੜਕੀਆਂ ਅਚਾਨਕ ਬੱਸ ਦੇ ਸਾਹਮਣੇ ਆ ਗਈਆਂ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਡਰਾਈਵਰ ਬੱਸ ਤੋਂ ਸੰਤੁਲਨ ਗੁਆ ਬੈਠਾ, ਜਿਸ ਕਾਰਨ ਬੱਸ ਸੜਕ ਤੋਂ ਹੇਠਾਂ ਉਤਰ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਨਵੀਨ ਪੁੱਤਰ ਸਰਵਣ ਅਤੇ ਕੰਡਕਟਰ ਵਿਨੋਦ ਕੁਮਾਰ ਪੁੱਤਰ ਪਰਲਾਦ 2 ਬੱਸ ਯਾਤਰੀ ਅਮਰ ਚੌਹਾਨ (30) ਪੁੱਤਰ ਮਦਨ ਚੌਹਾਨ ਵਾਸੀ ਫਤਿਆਬਾਦ ਅਤੇ ਨਛੱਤਰ ਸਿੰਘ (64) ਪੁੱਤਰ ਲਾਲ ਸਿੰਘ ਵਾਸੀ ਰਤੀਆ (ਹਰਿਆਣਾ) ਸਮੇਤ ਸਕੂਟੀ ਸਵਾਰ ਇੱਕ ਲੜਕੀ ਕਾਜਲ ਨੂੰ ਸੱਟਾਂ ਲੱਗੀਆਂ ਹਨ।
ਜ਼ਖ਼ਮੀ ਡਰਾਈਵਰ ਅਤੇ ਕੰਡਕਟਰ ਨੂੰ ਨੂਰ ਹਸਪਤਾਲ ਪਾਤੜਾਂ ਅਤੇ ਕਾਜਲ ਨੂੰ ਦੁਰਗਾ ਦਲ ਚੈਰੀਟੇਬਲ ਹਸਪਤਾਲ ਪਾਤੜਾਂ ਵਿਖੇ ਦਾਖ਼ਲ ਕਰਵਾਇਆ ਗਿਆ। ਦੋਵੇਂ ਜ਼ਖ਼ਮੀ ਯਾਤਰੀਆਂ ਨੂੰ ਪਹਿਲਾਂ ਸੀ.ਐੱਚ.ਸੀ. (CHC) ਪਾਤੜਾਂ ਵਿਖੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਗਲੇ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












