ਭੀਖ ਮੰਗਦੇ ਹੱਥਾਂ ‘ਚ ਹੋਵੇਗੀ ਕਲਮ – ਡਿਪਟੀ ਕਮਿਸ਼ਨਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਜ਼ਿਲਾ ਪ੍ਰਸ਼ਾਸ਼ਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਭੀਖ ਮੰਗ ਰਹੇ ਬਾਲਾਂ ਦੇ ਹੱਥਾਂ ਵਿੱਚ ਭਿਖਿਆ ਨਹੀਂ, ਬਲਕਿ ਕਲਮ ਫੜਾਈ ਜਾਵੇਗੀ, ਤਾਂ ਜੋ ਉਹ ਬੱਚਾ ਕਲਮ ਦੇ ਸਹਾਰੇ ਆਪਣੀ ਕਿਸਮਤ ਦੀ ਲਕੀਰ ਖੁਦ ਖਿੱਚ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਭੀਖ ਮੰਗ ਰਹੇ ਬੱਚਿਆਂ ਲਈ ਇਕ ਵਿਸ਼ੇਸ਼ ਇਨਰੋਲਮੈਂਟ ਕੈਂਪ 31 ਜੁਲਾਈ 2018 ਨੂੰ ਸਵੇਰੇ 8 ਵਜੇ ਤੋਂ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੈਂਪ ਇੰਚਾਰਜ ਡਾ. ਮਨਮੋਹਨ ਸਿੰਘ ਦਰਦੀ ਦੀ ਅਗਵਾਈ ਵਿੱਚ ਲਗਾਏ ਜਾ ਰਹੇ ਇਸ ਕੈਂਪ ਵਿੱਚ ਸਿੱਖਿਆ ਵਿਭਾਗ ਤੋਂ ਇਲਾਵਾ ਸਿਹਤ ਵਿਭਾਗ, ਖੇਡ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਟੀਮਾਂ ਵਲੋਂ ਬੱਚਿਆਂ ਨੂੰ ਮੌਕੇ ‘ਤੇ ਹੀ ਸਕੂਲ ਵਿੱਚ ਦਾਖਲ ਕੀਤਾ ਜਾਵੇਗਾ, ਜਦਕਿ ਖੇਡ ਵਿਭਾਗ ਵਲੋਂ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਦਾ ਸੁਨੇਹਾ ਦੇਣ ਲਈ ਬੱਚਿਆਂ ਦਰਮਿਆਨ ਇਕ ਫੁੱਟਬਾਲ ਮੈਚ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਸਿਹਤ ਵਿਭਾਗ ਵਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮੁਫ਼ਤ ਜਾਂਚ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਭੀਖ ਮੰਗਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਮੁਰਗੀ ਪਾਲਣ ਵਰਗੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਈਸ਼ਾ ਕਾਲੀਆ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ  ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਇਸ ਕਾਰਜ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਜਿਥੇ ਸੁਝਾਅ ਦਿੱਤੇ ਜਾ ਸਕਦੇ ਹਨ, ਉਥੇ ਇਹਨਾਂ ਬੱਚਿਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵਿਸ਼ੇਸ਼ ਯੋਗਦਾਨ ਵੀ ਪਾਇਆ ਜਾ ਸਕਦਾ ਹੈ, ਤਾਂ ਜੋ ਇਨ•ਾਂ ਬੱਚਿਆਂ ਨੂੰ ਭੀਖ ਮੰਗਣ ਦੇ ਰੁਝਾਨ ਤੋਂ ਰੋਕ ਕੇ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਨਰੋਲਮੈਂਟ ਕੈਂਪ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਕੈਂਪ ਦੌਰਾਨ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ਤੋਂ ਇਲਾਵਾ ਉਕਤ ਵਿਭਾਗਾਂ ਵਲੋਂ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Advertisements

LEAVE A REPLY

Please enter your comment!
Please enter your name here