ਔਖੀ ਘੜੀ ’ਚ ਫਸੀ ਔਰਤ ਦੀ ਮਦਦ ਲਈ ਪੁਲਿਸ ਆਈ ਅੱਗੇ, ਪੀ.ਸੀ.ਆਰ.ਟੀਮ ਨੇ ਸੁਰੱਖਿਅਤ ਪਹੁੰਚਾਇਆ ਘਰ

ਜਲੰਧਰ (ਦ ਸਟੈਲਰ ਨਿਊਜ਼)। ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਬੀ.ਐਸ.ਐਫ.ਚੌਕ ਵਿਖੇ ਸੁੱਕਰਵਾਰ ਦੀ ਅੱਧੀ ਰਾਤ ਨੂੰ ਫਸੀ ਮਹਿਲਾ ਦੀ ਸਹਾਇਤਾ ਕਰਦਿਆਂ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ।
ਮਹਿਲਾ ਵਲੋਂ ਹੈਲਪਲਾਈਨ ਨੰਬਰ 112 ’ਤੇ 24 ਤੇ 25 ਜੁਲਾਈ ਨੂੰ ਰਾਤ ਸਮੇਂ 12.11 ਵਜੇ ਫੋਨ ਕਰਕੇੇ ਕਮਿਸ਼ਨਰੇਟ ਪੁਲਿਸ ਵਲੋਂ ਮਦਦ ਦੀ ਮੰਗ ਕੀਤੀ ਗਈ । ਇਸ ’ਤੇ ਤੁਰੰਤ ਮਹਿਲਾ ਪੀ.ਸੀ.ਆਰ.ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਉਸ ਦੀ ਮੰਜ਼ਿਲ ’ਤੇ ਪਹੁੰਚਾਇਆ ਗਿਆ। ਕਮਿਸ਼ਨਰੇਟ ਪੁਲਿਸ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਹਿਲਾਵਾਂ ਦੀ ਸੁਰੱਖਿਆ ’ਤੇ ਚਿੰਤ ਪ੍ਰਗਟ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿਘ ਵਲੋਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਕਾਰਨ ਕਰਕੇ ਬਾਹਰ ਫਸੀਆਂ ਔਰਤਾਂ ਨੂੰ ਪੁਲਿਸ ਦੁਆਰਾ ਸਹਾਇਤਾ ਅਤੇ ਸੁਰੱਖਿਅਤ ਘਰ ਪਹੁੰਚਾਉਣ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ।

Advertisements

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਔਰਤਾਂ ਦੇ ਮਾਨ ਸਨਮਾਨ ਦੀ ਹਰ ਕੀਮਤ ’ਤੇ ਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬਲ ਔਖੇ ਸਮੇਂ ਵਿੱਚ ਮਹਿਲਾਵਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੂਰੀ ਤਰਾਂ ਸੰਜੀਦਾ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਮਹਿਲਾਵਾਂ ਨੂੰ ਤੁਰੰਤ ਸਹਾਇਤਾ ਪਹੁੰਚਾ ਕੇ ਉਨ੍ਹਾਂ ਖਿਲਾਫ਼ ਹੁੰਦੇ ਜੁਰਮਾਂ ਨੂੰ ਖ਼ਤਮ ਕਰਨਾ ਇਸ ਦਾ ਮੁੱਖ ਮਨੋਰਥ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਜਰੂਰਤਮੰਦਾਂ ਨੂੰ ਸਮੇਂ ਸਿਰ ਸਹਾਇਤਾ ਪਹੁੰਚਾ ਕੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੀਆਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਸ਼੍ਰੀ ਭੁੱਲਰ ਨੇ ਦੱਸਿਆ ਕਿ ਵੋਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਦੀਆਂ 14 ਟੀਮਾਂ ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਕੰਮ ਕਰ ਰਹੀਆਂ ਹਨ ਜਿਸ ਦੇ ਸਕਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਮਹਿਲਾਵਾਂ ਜਿਣਸੀ ਛੇੜਛਾੜ ਅਤੇ ਹੋਰਨਾਂ ਜੁਰਮਾਂ ਦੌਰਾਨ ਵੁਮੈਨ ਕਮਾਂਡੋ ਤੱਕ ਪਹੁੰਚ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀਆਂ ਹਨ। ਸ਼੍ਰੀ ਭੁੱਲਰ ਨੇ ਦੱਸਿਆ ਕਿ ਔਰਤਾਂ ਨੂੰ ਇਹ ਸੁਵਿਧਾ ਨੰਬਰ 100, 112 ਅਤੇ 181 ’ਤੇ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਰਾਹੀਂ ਤੁਰੰਤ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.)ਨਾਲ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here