ਕੋਵਿਡ-19 ਨੂੰ ਮਾਤ ਦੇ ਕੇ ਐਸਐਸਪੀ ਦਿਹਾਤੀ ਵਲੋਂ 18 ਦਿਨਾਂ ਬਾਅਦ ਡਿਊਟੀ ਜੁਆਇੰਨ

ਜਲੰਧਰ (ਦ ਸਟੈਲਰ ਨਿਊਜ਼)। ਐੈਸ.ਐਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਜੋ ਕਿ ਕੋਰੋਨਾ ਯੋਧਿਆਂ ਦੀ ਤਰ੍ਹਾਂ ਮੋਹਰਲੀ ਕਤਾਰ ਵਿੱਚ ਡਿਊਟੀ ਨਿਭਾ ਰਹੇ ਸਨ ਪਿਛਲੇ 9 ਜੁਲਾਈ ਤੋਂ ਕੋਰੋਨਾ ਵਾਇਰਸ ਪ੍ਰਭਾਵਿਤ ਹੋ ਗਏ ਸਨ ਅਤੇ ਅੱਜ ਸੋਮਵਾਰ ਨੂੰ 18 ਦਿਨਾਂ ਦੇ ਵਕਫ਼ੇ ਬਾਅਦ ਆਪਣੀ ਡਿਊਟੀ ’ਤੇ ਹਾਜ਼ਰ ਹੋ ਗਏ ਹਨ। ਐਸ.ਐਸ.ਪੀ.ਦਫ਼ਤਰ ਕੰਪਲੈਕਸ ਵਿਖੇ ਪਹੁੰਚਣ ’ਤੇ ਸੀਨੀਅਰ ਪੁਲਿਸ ਅਧਿਕਾਰੀਆਂ ਜਿਨਾਂ ਵਿੱਚ ਐਸ.ਪੀ. ਰਵੀ ਕੁਮਾਰ, ਰਵਿੰਦਰ ਪਾਲ ਸਿੰਘ ਸੰਧੂ, ਸਰਬਜੀਤ ਸਿੰਘ ਬਾਹੀਆ ਅਤੇ ਹੋਰ ਸ਼ਾਮਿਲ ਸਨ ਵਲੋਂ ਸ੍ਰੀ ਮਾਹਲ ਦਾ ਨਿੱਘਾ ਸਵਾਗਤ ਕੀਤਾ ਗਿਆ।

Advertisements

ਇਸ ਮੌਕੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਸ੍ਰੀ ਮਾਹਲ ਵਲੋਂ ਉਨਾਂ ਦੇ ਦਫ਼ਤਰ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦਾ ਦੌਰਾ ਕੀਤਾ। 9 ਜੁਲਾਈ ਤੋਂ ਕੁਆਰੰਟੀਨ ਵਿਖੇ ਰਹਿੰਦੀਆਂ ਸ੍ਰੀ ਮਾਹਲ ਵਲੋਂ ਅਪਣੀ ਡਿਊਟੀ ਮੋਬਾਇਲ, ਵੀਡੀਓ ਕਾਲ ਰਾਹੀਂ ਜਾਰੀ ਰੱਖੀ ਗਈ ਅਤੇ ਦਿਹਾਤੀ ਪੁਲਿਸ ਵਲੋਂ ਪਾਕਿਸਤਾਨ ਅਧਾਰਿਤ ਸਮੱਗਲਰ ਗਰੋਹ ਦਾ ਪਰਦਾਫਾਸ਼ ਕਰਨ ਅਤੇ ਬੀ.ਐਸ.ਐਫ.ਕਾਂਸਟੇਬਲ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਕੋਵਿਡ ਪਾਜੀਟਿਵ ਪਾਏ ਜਾਣ ਉਪਰੰਤ ਆਪਣੇ ਅਨੁਭਵ ਸਾਂਝੇ ਕਰਦਿਆਂ ਐਸ.ਐਸ.ਪੀ.ਨੇ ਕਿਹਾ ਕਿ ਉਹ ਤੁਰੰਤ 9 ਜੁਲਾਈ ਨੁੂੰ ਏਕਾਂਤਵਾਸ ਵਿੱਚ ਚਲੇ ਗਏ ਅਤੇ ਹੋਮ ਕੁਆਰੰਟੀਨ ਦੇ ਸਮੇਂ ਦੌਰਾਨ ਸਖ਼ਤੀ ਨਾਲ ਮੈਡੀਕਲ ਪ੍ਰੋਟੋਕਾਲ ਦੀ ਪਾਲਣਾਂ ਨੂੰ ਯਕੀਨੀ ਬਣਾਇਆ ਜਿਸ ਸਦਕਾ ਉਹ ਕੋਵਿਡ ਦੇ ਲੱਛਣਾ ਤੋਂ ਜਲਦੀ ਰਿਕਵਰ ਹੋ ਸਕੇ।

ਸ੍ਰੀ ਮਾਹਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਫੋਨ ਅਤੇ ਵੀਡੀਓ ਕਾਲ ਰਾਹੀਂ ਦਿਹਾਤੀ ਪੁਲਿਸ ਵਲੋਂ ਕੀਤੇ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ ਜਿਸ ਵਿੱਚ ਪਾਕਿਸਤਾਨ ਅਧਾਰਿਤ ਨਸ਼ਾ ਰੈਕੇਟ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਰਹੇ ਅਤੇ ਬਾਰੀਕੀ ਨਾਲ ਪੂਰੀ ਸਥਿਤੀ ’ਤੇ ਨਜ਼ਰ ਰੱਖੀ ਗਈ। ਐਸ.ਐਸ.ਪੀ.ਨੇ ਦੱਸਿਆ ਕਿ 9 ਜੁਲਾਈ ਤੋਂ 26 ਜੁਲਾਈ ਤੱਕ ਦਿਹਾਤੀ ਪੁਲਿਸ ਵਲੋਂ 412 ਕਿਲੋ ਚੂਰਾ ਪੋਸਤ, 843 ਗ੍ਰਾਮ ਹੈਰੋਇਨ, 970 ਗ੍ਰਾਮ ਅਫ਼ੀਮ, 19790 ਨਸ਼ੀਲੇ ਕੈਪਸੂਲ ਅਤੇ 1803 ਨਸ਼ੀਲੀਆਂ ਗੋਲੀਆਂ , 42.30 ਲੱਖ ਡਰੱਗ ਮਨੀ, 4400 ਕਿਲੋ ਲਾਹਣ, 1024 ਲੀਟਰ ਗੈਰ ਕਾਨੂੰਨੀ ਸ਼ਰਾਬ, 90 ਲੀਟਰ ਅੰਗਰੇਜ਼ੀ ਸ਼ਰਾਬ, 4000 ਲੀਟਰ ਕੈਮੀਕਲ ਅਲਕੋਹਲ, 8 ਚਾਲੂ ਭੱਠੀਆਂ, ਚਾਰ ਗੈਰ ਕਾਨੂੰਨੀ ਹਥਿਆਰ, 92 ਕਾਰਤੂਸ ਅਤੇ ਦੋ ਮੈਗਜੀਨ ਬਰਾਮਦ ਕਰਕੇ 106 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਏਕਾਂਤਵਾਸ ਵਿੱਚ ਰਹਿੰਦੀਆਂ ਉਹ ਅਪਣੀ ਡਿਊਟੀ ’ਤੇ ਹਾਜ਼ਰ ਰਹੇ । ਸ੍ਰੀ ਮਾਹਲ ਨੇ ਦੱਸਿਆ ਕਿ ਰੋਗ ਪ੍ਰਤੀ ਰੋਧਕ ਸਮਰੱਥਾ ਨੂੰ ਵਧਾਉਣ ਲਈ ਯੋਗਾ ਗਤੀਵਿਧੀਆਂ ਤੋਂ ਇਲਾਵਾ ਆਤਮ ਸੰਜਮ, ਉਸਾਰੂ ਸੋਚ ਅਤੇ ਅਪਣੇ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਕਰਕੇ ਉਹ ਜਲਦੀ ਸਿਹਤ ਯਾਬ ਹੋਣ ਵਿੱਚ ਸਫ਼ਲ ਰਹੇ।

ਸ੍ਰੀ ਮਾਹਲ ਨੇ ਲੋਕਾਂ ਨੂੰ ਸੱਦਾ ਦਿੱਤਾ ਸਾਨੂੰ ਸਭ ਨੂੰ ਸਮਾਜਿਕ ਦੂਰੀ ਦੀ ਪਾਲਣਾ ਜਰੂਰੀ ਕਰਨੀ ਚਾਹੀਦੀ ਹੈ ਅਤੇ ਹੱਥਾਂ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ -ਨਾਲ ਚਹਿਰੇ, ਅੱਖਾਂ, ਨੱਕ ਨੁੂੰ ਛੋਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਾਇਰਸ ਨੁੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਸ਼ੁਰੂ ਕੀਤੀ ਗਈ ਮਿਸ਼ਨ ਫ਼ਤਿਹ ਮੁਹਿੰਮ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਲੋਕਾਂ ਲਈ,ਲੋਕਾਂ ਦੁਆਰਾ ਲੋਕਾਂ ਦਾ ਪ੍ਰੋਗਰਾਮ ਹੈ।

LEAVE A REPLY

Please enter your comment!
Please enter your name here