ਹਸਪਤਾਲ ਸਾਹਮਣੇ ਚਰਨਜੀਤ ਦੀ ਲਾਸ਼ ਰੱਖ ਕੇ ਇੰਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)ਰਿਪੋਰਟ-ਗੁਰਜੀਤ ਸੋਨੂੰ। ਬੀਤੇ ਦਿਨੀਂ ਇੱਕ ਮਰੀਜ ਦੀ ਹਾਲਤ ਖਰਾਬ ਹੋਣ ਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਚੌਕ ਦੇ ਨੇੜੇ ਸਥਿਤ ਮਾਡਰਨ ਹਸਪਤਾਲ ਪ੍ਰਬੰਧਕਾਂ ਅਤੇ ਮਰੀਜ ਦੇ ਪਰਿਵਾਰਕ ਮੈਂਬਰਾਂ ਵਿੱਚ ਵਿਵਾਦ ਹੋ ਗਿਆ ਸੀ। ਮਰੀਜ ਦੇ ਪਰਿਵਾਰ ਦਾ ਕਹਿਣਾ ਸੀ ਕਿ ਹਸਪਤਾਲ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਕਾਰਣ ਉਹਨਾਂ ਦੀ ਲੜਕੀ ਚਰਨਜੀਤ ਕੌਰ ਦੀ ਹਾਲਤ ਖਰਾਬ ਹੋਈ ਸੀ ਅਤੇ ਹਸਪਤਾਲ ਅਤੇ ਪ੍ਰਸ਼ਾਸਨ ਵਲੋਂ ਉਹਨਾਂ ਦੀ ਲੜਕੀ ਨੂੰ ਜਬਰਦਸਤੀ ਕਿਸੀ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਲੜਕੀ ਦੀ ਮੌਤ ਹੋ ਗਈ। ਉਹਨਾਂ ਨੇ ਆਰੋਪ ਲਗਾਇਆ ਕਿ ਹਸਪਤਾਲ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਕਾਰਣ ਉਹਨਾਂ ਦੀ ਲੜਕੀ ਦੀ ਜਾਨ ਗਈ ਹੈ।

Advertisements

ਜਿਸ ਲਈ ਮਾਡਰਨ ਹਸਪਤਾਲ ਦੇ ਪ੍ਰਬੰਧਕਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਮਾਡਰਨ ਹਸਪਤਾਲ ਪ੍ਰਬੰਧਕਾਂ ਵਲੋਂ ਅਧਿਕਾਰਤ ਤੌਰ ਤੇ ਇਸ ਸੰਬੰਧੀ ਕੋਈ ਵੀ ਬਿਆਨ ਜਾਰੀ ਨਹੀਂ ਕੀਤੀ ਗਿਆ। ਲੜਕੀ ਦੀ ਮੌਤ ਹੋਣ ਤੋਂ ਗੁੱਸਾਏ ਪਰਿਵਾਰਕ ਮੈਂਬਰਾਂ ਵੱਲੋਂ ਅੱਜ 1 ਅਗਸਤ ਦਿਨ ਸ਼ਨਿਵਾਰ ਨੂੰ ਲੜਕੀ ਦੀ ਲਾਸ਼ ਨੂੰ ਹਸਪਤਾਲ ਦੇ ਸਾਹਮਣੇ ਅਤੇ ਸਰਕਾਰੀ ਕਾਲਜ ਚੌਕ ਵਿੱਚ ਰੱਖ ਕੇ ਹਸਪਤਾਲ ਪ੍ਰਬੰਧਕਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀੜਿਤ ਪਰਿਵਾਰ ਵੱਲੋਂ ਹਸਪਤਾਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆ ਪ੍ਰਸ਼ਾਸਨ ਅਤੇ ਸਰਕਾਰ ਤੋਂ ਹਸਪਤਾਲ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕਰਦਿਆਂ ਹੋਇਆ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ ਸ਼ਿਵ ਸੇਨਾ ਬਾਲ ਠਾਕਰੇ ਦੇ ਵਰਕਰਾਂ ਵਲੋਂ ਕਿਹਾ ਕਿ ਉਹ ਪਰਿਵਾਰ ਮੈਂਬਰਾਂ ਨਾਲ ਪੂਰੀ ਤਰਾਂ ਖੜੇ ਹਨ ਅਤੇ ਉਹਨਾਂ ਨੂੰ ਇੰਨਸਾਫ ਦਿਲਵਾ ਕੇ ਹੀ ਰਹਿਣਗੇ।  ਮਾਮਲੇ ਦੀ ਜਾਣਕਾਰੀ ਮਿਲਦੀਆਂ ਹੀ ਡੀਐੱਸਪੀ ਸਿਟੀ ਜਗਦੀਸ਼ ਰਾਜ ਅੱਤਰੀ ਅਤੇ ਥਾਣਾ ਸਿਟੀ ਦੇ ਇੰਸਪੈਕਟਰ ਗੋਬਿੰਦ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਪਰਿਵਾਰਕ ਮੈਂਬਰਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁੱਕਵਾਇਆ।

ਗੁਰਵਿੰਦਰ ਸਿੰਘ ਗੋਪੀ ਨੇ ਕਿਹਾ ਕਿ ਮਾਡਰਨ ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਉਸਦੀ ਭੈਣ ਚਰਨਜੀਤ ਕੌਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ। ਗੋਪੀ ਨੇ ਕਿਹਾ ਕਿ ਉਹਨਾਂ ਦੀ ਪਹਿਲੇ ਦਿਨ ਤੋਂ ਹੀ ਪੈਸੇ ਦੀ ਕੋਈ ਮੰਗ ਨਹੀਂ ਸੀ ਅਤੇ ਪ੍ਰਬੰਧਕਾਂ ਵਲੋਂ ਉਹਨਾਂ ਨੂੰ ਹੀ ਮਾਮਲਾ ਰਫਾਦਫਾ ਕਰਨ ਦੇ ਲਈ ਪੈਸੀ ਦੀ ਪੇਸ਼ਕਸ਼ ਰੱਖੀ ਗਈ ਸੀ। ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਜੋ ਡਾਕਟਰ ਉਸਦੀ ਦੀ ਭੈਣ ਦਾ ਇਲਾਜ ਕਰ ਰਹੇ ਸਨ ਉਹ ਇੱਥੋਂ ਭੱਜ ਗਏ ਹਨ। ਜਿਸ ਤੇ ਉਹਨਾਂ ਨੇ ਪ੍ਰਬੰਧਕਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਆਪਣਾ ਕੇਸ ਵਾਪਿਸ ਲੈਂਦੇ ਹਨ ਅਤੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਉਸਦੀ ਭੈਣ ਦਾ ਇਲਾਜ ਸ਼ੁਰੂ ਕੀਤਾ ਜਾਵੇ। ਪਰ ਹਸਪਤਾਲ ਪ੍ਰਬੰਧਕਾਂ ਵਲੋਂ ਉਹਨਾਂ ਦੇ ਮਰੀਜ ਨੂੰ ਜਬਰਦਸਤੀ ਰੈਫਰ ਕੀਤਾ ਜਾ ਰਿਹਾ ਸੀ ਜਿਸਦਾ ਉਹਨਾਂ ਵਲੋਂ ਲਗਾਤਾਰ ਵਿਰੋਧ ਕਰਨ ਤੇ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ।

ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਇਲਾਜ ਦੌਰਾਨ ਵਰਤੀ ਲਾਪਰਵਾਹੀ ਦੇ ਲਈ ਡਾਕਟਰਾਂ ਅਤੇ ਪ੍ਰਬੰਧਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਚਰਨਜੀਤ ਕੌਰ ਵਰਗੀ ਕਿਸੀ ਹੋਰ ਭੈਣ ਨਾਲ ਇਸ ਤਰਾਂ ਦੀ ਕੋਈ ਘਟਨਾ ਨਾ ਘਟਿਤ ਹੋਵੇ। ਲੜਕੀ ਦੀ ਮਾਤਾ ਬਲਬੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਇੰਨਸਾਫ ਦਿਲਵਾਇਆ ਜਾਵੇ ਅਤੇ ਡਾਕਟਰਾਂ ਅਤੇ ਪ੍ਰਬੰਧਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੁਖੀ ਹਿਰਦੇ ਨਾਲ ਬਲਬੀਰ ਕੌਰ ਨੇ ਗੱਲ ਕਰਦਿਆਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਨੇ ਆਪਣੀ ਪਹੁੰਚ ਅਤੇ ਪੈਸੇ ਦੇ ਦਮ ਤੇ ਇੱਕ ਮਾਸੂਮ ਦੀ ਜਾਨ ਲਈ ਹੈ ਜਿਸ ਲਈ ਉਹਨਾਂ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਤੇ ਡੀਐਸਪੀ ਜਗਦੀਸ਼ ਰਾਜ ਅਤਰੀ ਨੇ ਕਿਹਾ ਕਿ ਲੜਕੀ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਿਵਲ ਸਰਜਨ ਵਲੋਂ ਜੋ ਵੀ ਰਿਪੋਰਟ ਤਿਆਰ ਕੀਤੀ ਜਾਵੇਗੀ ਉਸਦੇ ਆਧਾਰ ਤੇ ਹੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗਾ।

ਜਿਕਰਯੋਗ ਹੈ ਕਿ ਪਿਛਲੇ ਦਿਨਾਂ ਉਪਰੋਕਤ ਹਸਪਤਾਲ ਵਿੱਚ ਇਲਾਜ ਦੌਰਾਨ ਜਦੋਂ ਚਰਨਜੀਤ ਕੌਰ ਦਾ ਡਾਇਲਸਿਸ ਕੀਤਾ ਗਿਆ ਤਾਂ ਉਸਤੋਂ ਬਾਅਦ ਬਰੀਡਿੰਗ ਹੋਣ ਕਾਰਣ ਚਰਨਜੀਤ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਗਈ ਸੀ। ਜਿਸਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਆਰੋਪ ਲਗਾਏ ਗਏ ਸਨ ਅਤੇ ਹਸਪਤਾਲ ਪ੍ਰਬੰਧਕਾਂ ਵਲੋਂ ਚਰਨਜੀਤ ਦੀ ਹਾਲਤ ਖਰਾਬ ਦੱਸਦੇ ਉਸਨੂੰ ਕਿਸੀ ਵੱਡੇ ਹਸਪਤਾਲ ਸ਼ਿਫਟ ਕਰਨ ਦੀ ਗੱਲ ਕਹਿ ਜਾ ਰਹੀ ਸੀ। ਜਿਸਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਟਕਰਾਵ ਦੀ ਸਥਿਤੀ ਪੈਦਾ ਹੋ ਗਈ ਸੀ। ਜਿਸ ਤੇ ਪ੍ਰਸ਼ਾਸਨ ਨੇ ਦੋਹਾਂ ਨੂੰ ਸਮਝਾ ਕੇ ਲੜਕੀ ਨੂੰ ਵੱਡੇ ਹਸਪਤਾਲ ਵਿੱਚ ਸ਼ਿਫਟ ਕਰਵਾ ਦਿੱਤਾ ਸੀ। ਜਿੱਥੇ ਇਲਾਜ ਦੌਰਾਨ ਲੜਕੀ ਨੇ ਦਮ ਤੋੜ ਦਿੱਤਾ।

LEAVE A REPLY

Please enter your comment!
Please enter your name here