ਪੰਜਾਬ ਦੇ ਰਾਜਪਾਲ ਨੇ ਉੱਘੇ ਪੱਤਰਕਾਰ ਸੁਰਿੰਦਰ ਅਵਸਥੀ ਦੇ ਦੇਹਾਂਤ ‘ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ (ਦ ਸਟੈਲਰ ਨਿਊਜ਼)। ਉੱਘੇ ਪੱਤਰਕਾਰ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਸੁਰਿੰਦਰ ਅਵਸਥੀ (70), ਜਿਨਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਕੱਲ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਇੱਥੇ ਸੈਕਟਰ 25, ਚੰਡੀਗੜ ਵਿਖੇ ਕੀਤਾ ਗਿਆ। ਸ੍ਰੀ ਅਵਸਥੀ ਦੀ ਵੱਡੀ ਬੇਟੀ ਨੇ ਉਨਾਂ ਦੀ ਚਿਖ਼ਾ ਨੂੰ ਅਗਨੀ ਵਿਖਾਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਨੇ ਉੱਘੇ ਲਿਖਾਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Advertisements

ਆਪਣੇ ਸ਼ੋਕ ਸੰਦੇਸ਼ ਵਿਚ ਉਨਾਂ ਕਿਹਾ ਕਿ ਅਵਸਥੀ ਨੇ ਸਟੇਟ ਸੂਚਨਾ ਕਮਿਸ਼ਨਰ ਵਜੋਂ ਜੁਆਇਨ ਕਰਨ ਤੋਂ ਪਹਿਲਾਂ ਪ੍ਰਮੁੱਖ ਮੀਡੀਆ ਸੰਸਥਾਵਾਂ ਲਈ ਕੰਮ ਕਰਦਿਆਂ ਆਪਣੀਆਂ ਭਾਵੁਕ ਲਿਖਤਾਂ ਰਾਹੀਂ ਅਮਿੱਟ ਛਾਪ ਛੱਡੀ ਹੈ। ਰਾਜਪਾਲ ਨੇ ਕਿਹਾ ਕਿ ਉਨਾਂ ਨੇ ‘ਲਾਕਡਾਉਨ’ ਨਾਮੀ ਇੱਕ ਕਿਤਾਬ ਲਿਖੀ ਜਿਸਨੂੰ ਇਸ ਸਾਲ ਜੁਲਾਈ ਵਿੱਚ ਰਿਲੀਜ਼ ਕੀਤਾ ਗਿਆ ਸੀ ਜੋ ਆਖਰੀ ਸਮੇਂ ਤੱਕ ਉਨਾਂ ਦੀ ਵਚਨਬੱਧਤਾ ਅਤੇ ਸਰਗਰਮ ਸ਼ਮੂਲੀਅਤ ਨੂੰ ਦਰਸਾਉਂਦੀ ਹੈ। ਉਨਾਂ ਦੁਖੀ ਪਰਿਵਾਰ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਸੁਰਿੰਦਰ ਅਵਸਥੀ ਨੂੰ ਪ੍ਰੈਸ ਦੀ ਅਜ਼ਾਦੀ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸ੍ਰੀ ਅਵਸਥੀ ਦੇ ਦੇਹਾਂਤ ਨਾਲ ਮੀਡੀਆ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ ਜਿਸਨੂੰ ਪੂਰਿਆ ਨਹੀਂ ਜਾ ਸਕਦਾ। ਵਿਛੜੀ ਰੂਹ ਦੇ ਸਤਿਕਾਰ ਵਜੋਂ ਪੰਜਾਬ ਦੇ ਰਾਜਪਾਲ ਦੀ ਤਰਫੋਂ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਸਰਧਾਂਜਲੀ ਵੀ ਦਿੱਤੀ ਗਈ। ਲੋਕ ਸੰਪਰਕ ਵਿਭਾਗ, ਪੰਜਾਬ ਦੇ ਜਾਇੰਟ ਡਾਇਰੈਕਟਰ ਸ. ਅਜੀਤ ਕੰਵਲ ਸਿੰਘ ਅਤੇ ਸ. ਰਣਦੀਪ ਸਿੰਘ ਆਹਲੂਵਾਲੀਆ ਨੇ ਮੁੱਖ ਮੰਤਰੀ ਪੰਜਾਬ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਦੀ ਤਰਫੋਂ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ। ਚੰਡੀਗੜ ਪ੍ਰੈਸ ਕਲੱਬ ਦੀ ਤਰਫੋਂ ਵੀ ਰੀਥ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ।          

LEAVE A REPLY

Please enter your comment!
Please enter your name here