
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਲੋਕਾਂ ਨੂੰ ਨਸ਼ਾ ਰਹਿਤ ਸਮਾਜ ਦੇਣ ਦਾ ਵਆਦਾ ਕੀਤਾ ਸੀ ਤੇ ਇਸ ਵਆਦੇ ਦੇ ਸਿੱਟੇ ਪੰਜਾਬ ਵਿੱਚ ਨਜ਼ਰ ਆਉਣ ਲੱਗ ਪਏ ਹਨ । ਸਿਹਤ ਵਿਭਾਗ ਵੱਲੋਂ ਨਸ਼ਾ ਵੇਚਣ ਵਾਲਿਆਂ ਤੇ ਪੂਰੀ ਤਰਾਂ ਨਕੇਲ ਕੱਸੀ ਜਾ ਰਹੀ, ਇਸ ਦੇ ਚਲਦਿਆਂ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੁਰੀ ਦੀ ਦੇਖ-ਰੇਖ ਹੇਠ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਰੱਗ ਕੰਟਰੋਲ ਅਫਸਰ ਗੁਰਜੀਤ ਸਿੰਘ ਵੱਲੋ ਸਾਝੇ ਤੋਰ ਤੇ ਬਲਾਕ ਗੰੜਸ਼ੰਕਰ ਦੇ ਮੈਡੀਕਲ ਸਟੋਰਾਂ ਤੇ ਚੈਕਿੰਗ ਕੀਤੀ ਗਈ ।

ਇਹਨਾਂ ਸਾਰੇ ਮੈਡੀਕਲ ਸਟੋਰਾਂ ਦਾ ਸੇਲ ਪ੍ਰਚੇਜ ਦਾ ਰਿਕਾਰਡ ਵੀ ਘੋਖਿਆ ਗਿਆ । ਇੰਸਪੈਕਸ਼ਨ ਦੋਰਾਨ ਉਹਨਾਂ ਮੈਡੀਕਲ ਸਟੋਰ ਮਾਲਿਕਾਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆ ਦਵਾਈਆਂ ਕੋਈ ਵੀ ਸਟੋਰ ਤੇ ਨਹੀਂ ਰੱਖੀਆ ਜਾ ਸਕਦੀਆ ਤੇ ਸ਼ੀਡੂਲ ਐਚ 1 ਵਾਲੀਆਂ ਦਵਾਈਆਂ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਹਾਜਰੀ ਯਕੀਨੀ ਬਣਾਈ ਜਾਵੇ ਤੇ ਡਾਕਟਰ ਦੀ ਲਿਖੀ ਪਰਚੀ ਤੋਂ ਬਗੈਰ ਕੋਈ ਵੀ ਦਵਾਈ ਨਹੀ ਵੇਚੇਗਾ । ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਮੈਡੀਕਲ ਸਟੋਰਾਂ ਦੀ ਲਗਾਤਾਰ ਜਾਂਚ ਹੋਵੇਗੀ ਅਗਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤੇ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।












