ਹਿਮਾਚਲ ਪ੍ਰਦੇਸ਼: ਮੈੜੀ ਹੋਲੀ ਮੇਲੇ ’ਚ 28 ਮਾਰਚ ਨੂੰ ਚੜੇਗਾ ਝੰਡਾ, ਓਵਰਲੋਡਿੰਗ ਰੋਕਣ ਲਈ ਪੰਜਾਬ ਤੋਂ ਸਹਿਯੋਗ ਦੀ ਮੰਗ

ਊਨਾ/ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ 21 ਤੋਂ 31 ਮਾਰਚ ਤੱਕ ਲੱਗਣ ਵਾਲੇ ਮੈੜੀ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦਿਆਂ ਊਨਾ ਦੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਦੱਸਿਆ ਕਿ ਡੇਰਾ ਬਾਬਾ ਵਡਭਾਗ ਸਿੰਘ, ਮੈੜੀ ਵਿਖੇ 21 ਤੋਂ 31 ਮਾਰਚ ਤੱਕ ਮੇਲਾ ਲੱਗੇਗਾ ਜਿਸ ਤਰ੍ਹਾਂ 28 ਮਾਰਚ ਨੂੰ ਝੰਡਾ ਚੜਾਉਣ ਦੀ ਰਸਮ ਹੋਵੇਗੀ। ਮੇਲੇ ਦੀਆਂ ਤਿਆਰੀਆਂ ਸਬੰਧੀ ਪੰਜਾਬ ਦੇ ਅਧਿਕਾਰੀਆਂ ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ ਅਤੇ ਡੀ.ਐਸ.ਪੀ. (ਡੀ) ਰਾਕੇਸ਼ ਕੁਮਾਰ ਨਾਲ ਆਨਲਾਈਨ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆਵਾਜਾਈ ਦੇ ਪ੍ਰਬੰਧਾਂ, ਪਾਰਕਿੰਗ, ਓਵਰਲੋਡਿੰਗ ਆਦਿ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਮੈੜੀ ਵਿੱਚ 5 ਤੋਂ 8 ਲੱਖ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ ਸਨ। ਮੇਲੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਤੋਂ ਸ਼ਰਧਾਲੂ ਅਕਸਰ ਟਰੱਕਾਂ, ਟਰਾਲੀਆਂ ਅਤੇ ਹੋਰ ਭਾਰ ਢੋਣ ਵਾਲੇ ਵਾਹਨਾਂ ’ਤੇ ਓਵਰਲੋਡਿੰਗ ਕਰਕੇ ਪਹੁੰਚਦੇ ਹਨ, ਜਿਸ ਨਾਲ ਹਮੇਸ਼ਾ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਲਈ ਬਹੁਤ ਜ਼ਰੂਰੀ ਹੈ ਕਿ ਓਵਰਲੋਡਿੰਗ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਊਨਾ ਹਾਦਸਿਆਂ ਨੂੰ ਰੋਕਣ ਲਈ ਗੰਭੀਰ ਯਤਨ ਕਰ ਰਿਹਾ ਹੈ ਜਿਸ ਵਿੱਚ ਪੰਜਾਬ ਰਾਜ, ਖਾਸਕਰ ਹਿਮਾਚਲ ਦੇ ਨਾਲ ਲੱਗਦੇ ਜ਼ਿਲਿ੍ਹਆਂ, ਦਾ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਓਵਰਲੋਡਿੰਗ ਨੂੰ ਰੋਕਿਆ ਜਾਵੇ ਤਾਂ ਊਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਸਾਨੀ ਹੋਵੇਗੀ ਅਤੇ ਮੈੜੀ ਮੇਲੇ ਨੂੰ ਸਫਲ ਢੰਗ ਨਾਲ ਕਰਾਇਆ ਜਾ ਸਕੇਗਾ।

Advertisements

ਰਾਘਵ ਸ਼ਰਮਾ ਨੇ ਕਿਹਾ ਕਿ ਭਾਰ ਢੋਣ ਵਾਲੇ ਵਾਹਨਾਂ ਵਿੱਚ ਓਵਰਲੋਡ ਹੋ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਰੋਕਣ ਲਈ ਹਿਮਾਚਲ ਅਤੇ ਪੰਜਾਬ ਪੁਲਿਸ ਮਿਲ ਕੇ ਨਾਕੇ ਲਗਾਵੇਗੀ। ਉਨ੍ਹਾਂ ਕਿਹਾ ਕਿ ਮਹਿਤਪੁਰ-ਨੰਗਲ ਦੇ ਵਿਚਕਾਰ, ਪੰਜਾਬ ਦੇ ਚੱਕ ਸਾਧੂ, ਮਰਵਾੜੀ ਅਤੇ ਗਗਰੇਟ ਆਰ.ਟੀ.ਓ ਬੈਰੀਅਰ ਦੇ ਕੋਲ ਪਿਛਲੇ ਸਾਲ ਦੀ ਤਰ੍ਹਾਂ ਪੁਲਿਸ ਨਾਕੇ ਸਥਾਪਿਤ ਕੀਤੇ ਜਾਣਗੇ। ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸਥਾਨਾਂ ਤੋਂ ਇਲਾਵਾ ਗੜ੍ਹਸ਼ੰਕਰ ਵੱਲ ਵੀ ਇਸ ਸਾਲ ਹਿਮਾਚਲ ਅਤੇ ਪੰਜਾਬ ਪੁਲਿਸ ਮਿਲ ਕੇ ਨਾਕੇ ਲਗਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਓਵਰਲੋਡਿੰਗ ਕਰਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਨਾਕੇ ’ਤੇ ਉਤਾਰਿਆਂ ਜਾਵੇਗਾ ਅਤੇ ਉਨ੍ਹਾਂ ਨੂੰ ਇਥੋਂ ਸ਼ਟਲ ਬੱਸ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ਜਿਸ ਦਾ ਪ੍ਰਬੰਧ ਐਚ.ਆਰ.ਟੀ.ਸੀ ਵਲੋਂ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਵਿੱਚ ਮੌਜੂਦ ਰੋਪੜ, ਹੁਸ਼ਿਆਰਪੁਰ ਅਤੇ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਓਵਰਲੋਡਿੰਗ ਅਤੇ ਹੋਰ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪ੍ਰਸ਼ਾਸਨ ਵੀ ਟਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਉਥੇ ਹੀ ਰੋਕ ਲਵੇ ਅਤੇ ਆਪਣੇ ਪੱਧਰ ’ਤੇ ਮੈੜੀ ਤੱਕ ਸ਼ਟਲ ਬੱਸ ਸੁਵਿਧਾ ਪ੍ਰਦਾਨ ਕਰੇ ਤਾਂ ਇਸ ਨਾਲ ਕਾਫੀ ਸੁਵਿਧਾ ਹੋਵੇਗੀ। ਉਨ੍ਹਾਂ ਕਿਹਾ ਕਿ ਓਵਰਲੋਡਿੰਗ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਮੈੜੀ ਦੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਵੀ ਸੋਸ਼ਲ ਮੀਡੀਆ ’ਤੇ ਅਪੀਲ ਕਰਵਾਈ ਜਾਵੇਗੀ।

ਨੈਹਰਿਆ-ਨੰਦਪੁਰ ਰੋਡ ਹੋਵੇਗਾ ਵਨਵੇਅ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈੜੀ ਮੇਲੇ ਦੌਰਾਨ ਨੈਹਰਿਆ-ਨੰਦਪੁਰ ਰੋਡ ਵਨਵੇਅ ਹੋਵੇਗਾ। ਇਸ ਸੜਕ ’ਤੇ ਨੈਹਰਿਆਂ ਤੋਂ ਨੰਦਪੁਰ ਵੱਲ ਜਾਣ ਦੀ ਆਗਿਆ ਹੋਵੇਗੀ ਜਦਕਿ ਮੈੜੀ ਜਾਣ ਲਈ ਅੰਬ ਹੁੰਦੇ ਹੋਏ ਹੀ ਜਾਣਾ ਪਵੇਗਾ। ਮੀਟਿੰਗ ਵਿੱਚ ਊਨਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ, ਏ.ਐਸ.ਪੀ. ਵਿਨੋਦ ਧੀਮਾਨ, ਐਸ.ਡੀ.ਐਮ ਅੰਬ ਮਨੇਸ਼ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here