ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਦੁਸੜਕਾ ਖੇਤਰ ’ਚ ਚੈਕਿੰਗ, 14 ਸੈਂਪਲ ਭਰੇ, 6 ਨੋਟਿਸ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵਲੋਂ ਅੱਜ ਆਪਣੀ ਟੀਮ ਸਮੇਤ ਦੁਸੜਕਾ ਖੇਤਰ ਵਿਖੇ ਕਰਿਆਨਾ ਅਤੇ ਮਠਿਆਈ ਦੀਆਂ ਦੁਕਾਨਾਂ ਆਦਿ ਦੀ ਚੈਕਿੰਗ ਕਰਦਿਆਂ 14 ਸੈਂਪਲ ਭਰੇ ਗਏ ਅਤੇ 6 ਵੱਖ-ਵੱਖ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਲੋੜੀਂਦਾ ਲਾਇਸੰਸ ਹਾਸਲ ਕਰਨ ਦੀ ਤਾਕੀਦ ਕੀਤੀ। ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਤਹਿਤ ਤਿਉਹਾਰਾਂ ਦੇ ਮੱਦੇਨਜ਼ਰ ਮਠਿਆਈਆਂ, ਦੁੱਧ ਤੋਂ ਬਨਣ ਵਾਲੇ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ਦੀ ਕੁਆਲਟੀ ਅਤੇ ਮਿਆਰ ਨੂੰ ਯਕੀਨੀ ਬਨਾਉਣਾ ਮੁੱਖ ਤਰਜੀਹ ਹੈ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਸਿਹਤ ਲਈ ਫਾਇਦੇਮੰਦ ਖਾਣ-ਪੀਣ ਵਾਲੀਆਂ ਚੀਜਾਂ ਉਪਲਬੱਧ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮਿਆਰੀ ਵਸਤਾਂ ਦੀ ਹੀ ਵਿਕਰੀ ਕਰਨ ਤਾਂ ਜੋ ਸਿਹਤਮੰਦ ਸਮਾਜ ਦੀ ਕਲਪਨਾ ਨੂੰ ਅਮਲੀਜਾਮਾ ਪਹਿਨਾਇਆ ਜਾ ਸਕੇ।

Advertisements


ਦੁਸੜਕਾ ਖੇਤਰ ਵਿਚ ਕੀਤੀ ਚੈਕਿੰਗ ਸਬੰਧੀ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਟੀਮ ਵਲੋਂ ਖੋਆ, ਬੇਸਣ, ਮਾਂਹ ਦੀ ਦਾਲ, ਰਾਜਮਾਂਹ, ਬੇਸਣ ਖੁੱਲ੍ਹਾ, ਮੂੰਗੀ ਸਾਬਤ, ਪੇਸਟਰੀਆਂ, ਦਹੀਂ, ਬੇਸਣ ਲੱਡੂ ਆਦਿ ਦੇ ਸੈਂਪਲ ਲਏ ਗਏ ਜਿਹੜੇ ਕਿ ਅਗਲੇਰੀ ਜਾਂਚ ਲਈ ਖਰੜ ਸਥਿਤ ਲੈਬ ’ਚ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਦੁਕਾਨਾਂ ਚਲਾਉਣ ਵਾਲਿਆਂ ਨੂੰ ਸਰਕਾਰ ਵਲੋਂ ਤੈਅ ਫੀਸ ਭਰ ਕੇ ਦਿੱਤਾ ਜਾਂਦਾ ਲੋੜੀਂਦਾ ਲਾਇਸੰਸ ਲੈਣਾ ਲਾਜ਼ਮੀ ਹੈ ਜਿਸ ਪ੍ਰਤੀ ਉਨ੍ਹਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਅੱਜ 6 ਨੋਟਿਸ ਜਾਰੀ ਕਰਕੇ ਸਬੰਧਤ ਦੁਕਾਨਦਾਰਾਂ ਨੂੰ ਆਪਣਾ ਲਾਇਸੰਸ ਲੈਣ ਲਈ ਕਿਹਾ ਗਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਨਾਲ ਫੂਡ ਸੇਫਟੀ ਅਫ਼ਸਰ ਹਰਦੀਪ ਸਿੰਘ, ਰਮਨ ਵਿਰਦੀ ਤੋਂ ਇਲਾਵਾ ਨਰੇਸ਼ ਕੁਮਾਰ, ਰਾਮ ਲੁਭਾਇਆ ਅਤੇ ਪਰਮਜੀਤ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here