Sunday, November 1, 2026
Home Punjab ਸੂਟ-ਬੂਟ ਪਾ ਕੇ ਆਏ ਬੱਚੇ ਨੇ ਲਾੜੇ ਦੀ ਮਾਂ ਦਾ ਗਹਿਣਿਆਂ ਤੇ...

ਸੂਟ-ਬੂਟ ਪਾ ਕੇ ਆਏ ਬੱਚੇ ਨੇ ਲਾੜੇ ਦੀ ਮਾਂ ਦਾ ਗਹਿਣਿਆਂ ਤੇ ਕੈਸ਼ ਵਾਲਾ ਪਰਸ ਕੀਤਾ ਚੋਰੀ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਵਿਆਹਾਂ ’ਚ ਸੂਟ-ਬੂਟ ਪਾ ਕੇ ਆਏ ਬੱਚੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਲੋਕ ਅਜੇ ਵੀ ਅਲਰਟ ਨਹੀਂ ਹੋ ਰਹੇ ਹਨ। ਤਾਜ਼ਾ ਮਾਮਲਾ ਕਪੂਰਥਲਾ ਦੇ ਹੋਟਲ ਦਾ ਹੈ, ਜਿੱਥੇ ਜਲੰਧਰ ਦੇ ਅਰਬਨ ਅਸਟੇਟ ਤੋਂ ਪਰਿਵਾਰ ਬੇਟੇ ਦੇ ਵਿਆਹ ਲਈ ਗਿਆ ਸੀ। ਇਸ ਦੌਰਾਨ ਸੂਟ-ਬੂਟ ਪਾ ਕੇ ਪਹੁੰਚੇ 12 ਸਾਲ ਦੇ ਬੱਚੇ ਨੇ ਲਾੜੇ ਦੀ ਮਾਂ ਦਾ ਪਰਸ ਚੋਰੀ ਕਰ ਲਿਆ। ਪਰਸ ਵਿਚ 7 ਤੋਲੇ ਸੋਨਾ ਅਤੇ 3.60 ਲੱਖ ਕੈਸ਼ ਸੀ। ਜਦੋਂ ਤੱਕ ਲਾੜੇ ਦੀ ਮਾਂ ਨੂੰ ਪਤਾ ਲੱਗਾ, ਉਦੋਂ ਤੱਕ ਬੱਚਾ ਆਪਣੇ ਸਾਥੀ ਦੇ ਨਾਲ ਫਰਾਰ ਹੋ ਚੁੱਕਾ ਸੀ। ਇਹ ਸਾਰਾ ਮਾਮਲਾ ਕੈਮਰੇ ਵਿਚ ਕੈਦ ਹੋ ਗਿਆ ਹੈ।

Advertisements

ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਮੁਤਾਬਕ ਲਾੜੇ ਪੱਖ ਮੁਤਾਬਕ ਬੈਗ ’ਚ ਸੋਨੇ ਦੇ ਗਹਿਣੇ, ਕੁਝ ਕੈਸ਼ ਅਤੇ ਤਿੰਨ ਮੋਬਾਇਲ ਸਨ। ਲਾੜੇ ਦੀ ਮਾਂ ਨੇ ਕਿਹਾ ਕਿ ਐਤਵਾਰ ਦੁਪਹਿਰ 2 ਵਜੇ ਉਹ ਹੋਟਲ ਦੇ ਹਾਲ ’ਚ ਰਿਸ਼ੇਤਦਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗੱਲਾਂ ਕਰਦੇ-ਕਰਦੇ ਉਨ੍ਹਾਂ ਨੇ ਪਰਸ ਕੁਰਸੀ ’ਤੇ ਰੱਖ ਦਿੱਤਾ। ਦੋ ਮਿੰਟਾਂ ਦੇ ਬਾਅਦ ਵੇਖਿਆ ਤਾਂ ਪਰਸ ਗਾਇਬ ਸੀ। ਸੀ.ਸੀ. ਟੀ. ਵੀ. ਚੈੱਕ ਕੀਤੇ ਤਾਂ ਸੂਟ-ਬੂਟ ਪਹਿਨੇ ਹੋਏ ਇਕ ਮੁੰਡਾ ਕੁਰਸੀ ਦੇ ਕੋਲ ਆਇਆ ਅਤੇ ਮੌਕਾ ਵੇਖ ਕੇ ਆਰਾਮ ਨਾਲ ਪਰਸ ਚੋਰੀ ਕਰਕੇ ਲੈ ਗਿਆ। ਜਿਵੇਂ ਹੀ ਉਹ ਹੋਟਲ ਤੋਂ ਬਾਹਰ ਪੁੱਜਾ ਤਾਂ ਉਸ ਨੇ ਪਰਸ ਕਿਸੇ ਹੋਰ ਨੂੰ ਦੇ ਦਿੱਤਾ। ਪੁਲਿਸ ਨੇ ਦੇਰ ਸ਼ਾਮ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੇ ਐੱਸ.ਐੱਚ.ਓ. ਰਣਜੋਧ ਸਿੰਘ ਨੇ ਦੱਸਿਆ ਕਿ ਲਾੜੇ ਪੱਖ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਮੁਤਾਬਕ ਪਰਸ ’ਚ 7 ਤੋਲੇ ਸੋਨੇ ਦੇ ਗਹਿਣੇ, 3.60 ਲੱਖ ਦੀ ਨਕਦੀ ਸੀ। ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਨੇ ਕਿਹਾ ਕਿ ਦਸੰਬਰ ’ਚ ਜਲੰਧਰ ਦੇ ਰਿਜ਼ਾਰਟ ’ਚ ਹੋਈ ਚੋਰੀ ’ਚ ਸ਼ਾਮਲ ਬੱਚਾ ਕੋਟ-ਪੈਂਟ ਪਾ ਕੇ ਆਇਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਸਮੇਤ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here