ਰਾਵੀ ਦਰਿਆ ਨੇੜੇ ਮਕੋੜਾ ਪੱਤਣ ਤੋ ਪਾਰ ਵੱਸਦੇ ਲੋਕਾਂ ਲਈ ਜਲਦ ਪੱਕੇ ਪੁਲ ਦੀ ਉਸਾਰੀ ਕਰਵਾਈ ਜਾਵੇਗੀ: ਕੈਬਨਿਟ ਮੰਤਰੀ ਧਾਲੀਵਾਲ

ਦੀਨਾਨਗਰ(ਦ ਸਟੈਲਰ ਨਿਊਜ਼): ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਪੰਜਾਬ ਨੇ ਅੱਜ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ ਕੀਤਾ  ਤੇ ਕਿਹਾ ਕਿ ਪੰਜਾਬ ਸਰਕਾਰ ਹੜ ਕਾਰਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ ਅਤੇ ਰਾਵੀ ਦਰਿਆ ਤੋਂ ਪਾਰ ਬਣਨ ਵਾਲਾ ਪੱਕਾ ਪੁਲ ਮਨਜ਼ੂਰ ਹੋ ਚੁੱਕਾ ਹੈ ਅਤੇ ਜਲਦ ਇਸਦੀ ਉਸਾਰੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਰਾਵੀ ਤੋ ਪਾਰ ਵਸਦੇ 7 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ, ਡਾ ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸਮਸ਼ੇਰ ਸਿੰਘ, ਆਪ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਦੀਨਾਨਗਰ ਵੀ ਮੋਜੂਦ ਸਨ।

Advertisements

ਇਸ ਮੌਕੇ ਗੱਲ ਕਰਦਿਆਂ ਕੈਬਨਿਟ ਮੰਤਰੀ  ਧਾਲੀਵਾਲ ਨੇ ਕਿਹਾ ਕਿ ਅੱਜ ਉਹ ਪਹਿਲਾਂ ਪਠਾਨਕੋਟ ਜਿਲੇ ਵਿਚ ਹੜ ਕਾਰਨ ਪ੍ਰਭਾਵਿਤ ਹੋਣ ਵਾਲੇ ਖੇਤਰ ਦਾ ਦੌਰਾ ਕਰਕੇ ਆਏ ਹਨ ਤੇ ਹੁਣ ਗੁਰਦਾਸਪੁਰ ਜਿਲੇ ਵਿਚ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਵਿਖੇ ਆਏ ਹਨ । ਉਨ੍ਹਾਂ ਦੱਸਿਆ ਇੱਥੇ ਆਉਣ ਦਾ ਮੁੱਖ ਮਕਸਦ ਇਹੀ ਹੈ ਕਿ ਹੜ ਵਰਗੀ ਖਤਰੇ ਵਾਲੀ ਸਥਿਤੀ ਨਾਲ ਨਜਿੱਠਣ ਲਈ ਠੋਸ ਰਣਨੀਤੀ ਉਲੀਕੀ ਜਾਵੇ ਤਾਂ ਜੋ ਦਰਿਆ ਤੋਂ ਪਾਰ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ। ਉਨਾ ਦੱਸਿਆ ਕਿ ਪੀ ਡਬਲਿਊ ਡੀ, ਬੀ ਐਡ ਆਰ ਵਿਭਾਗ ਵਲੋਂ ਪੁਲ ਦੀ ਉਸਾਰੀ ਕੀਤੀ ਜਾਵੇਗੀ ਤੇ ਨਿਰਧਾਰਿਤ ਸਮਾਂ ਸੀਮਾ ਅੰਦਰ ਪੁਲ ਦੀ ਉਸਾਰੀ ਪੂਰੀ ਕਰਵਾਈ ਜਾਵੇਗੀ। ਇਸ ਤੋ ਇਲਾਵਾ ਉਨਾ ਲੋਕਾਂ ਦੀ ਸਹੂਲਤ ਲਈ ਜਲਦ ਵੱਡੀ ਬੇੜੀ ਮੁਹੱਈਆ ਕਰਵਾਏ ਜਾਣ ਲਈ ਵੀ ਕਿਹਾ।

ਇਸ ਮੋਕੇ ਰਾਵੀ ਦਰਿਆ ਤੋਂ ਪਾਰ 7 ਪਿੰਡਾਂ ਦੇ ਲੋਕਾ ਨੇ ਕੈਬਨਿਟ ਮੰਤਰੀ ਧਾਲੀਵਾਲ  ਦੇ ਧਿਆਨ ਵਿੱਚ ਆਪਣੀਆਂ ਮੁਸ਼ਕਿਲਾਂ ਲਿਅਾਦੀਅਾ। ਲੋਕਾਂ , ਰਾਵੀ ਦਰਿਆ ਦੇ ਪਾਣੀ ਨਾਲ ਲੱਗ ਰਹੀ ਢਾਅ, ਸਕੂਲ ਅਪਗਰੇਡ ਕਰਨ ਸਬੰਧੀ, ਵਾਟਰ ਸਪਲਾਈ ਦੇ ਚੱਲ ਰਹੇ ਕੰਮ ਨੂੰ ਜਲਦ ਨੇਪਰੇ ਚਾੜ੍ਹਨ ਆਦਿ  ਮੁਸ਼ਕਿਲਾਂ ਦੱਸੀਆਂ। ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਭਰੋਸਾ ਦਿੱਤਾ। ਇਸ ਮੋਕੇ ਉਨ੍ਹਾਂ ਬੀ ਐਸ ਐਫ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵੀ ਕੈਬਨਿਟ ਮੰਤਰੀ ਦੇ ਸਨਮੁੱਖ ਕੁਝ ਮੰਗਾਂ ਰੱਖੀਆਂ, ਜਿਸ ਨੂੰ ਪੂਰਾ ਕਰਨ ਲਈ ਉਨਾ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਰਾਵੀ ਦਰਿਆ ਵਿਚਲੇ ਪਾਣੀ ਦੇ ਪੱਧਰ ’ਤੇ 24 ਘੰਟੇ ਨਿਗਰਾਨੀ ਰੱਖੀ ਜਾਵੇ ਅਤੇ ਕਿਸੇ ਵੀ ਤਰਾਂ ਦੀ ਹੜ੍ਹ ਵਰਗੀ ਖਤਰੇ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਪੁਖਤਾ ਪ੍ਰਬੰਧ ਕਰਕੇ ਰੱਖੇ ਜਾਣ।

ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕੈਬਨਿਟ ਮੰਤਰੀ ਧਾਲੀਵਾਲ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਵਰਗੀ ਖਤਰੇ ਦੀ ਸਥਿਤੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਸਹੂਲਤ ਲਈ ਜ਼ਿਲਾ ਤੇ ਤਹਿਸੀਲ ਪੱਧਰ ’ਤੇ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਸਥਾਪਤ ਕੀਤੇ ਗਏ। ਇਸ ਮੌਕੇ ਪਰਮਜੀਤ ਕੋਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ਼ਾਇਰੀ ਭੰਡਾਰੀ ਐਸ ਡੀ ਐਮ ਬਟਾਲਾ, ਕੁਲਵਿੰਦਰ ਸਿੰਘ ਕਮਾਡੈਂਟ ਬੀਐਸਐਫ, ਸੰਦੀਪ ਮਲਹੋਤਰਾ,ਡੀਡੀਪੀਓ, ਅਭਿਸ਼ੇਕ ਵਰਮਾ ਨਾਇਬ ਤਹਿਸੀਲਦਾਰ , ਐਡਵੋਕੇਟ ਰਾਜੀਵ ਮਦਾਨ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

LEAVE A REPLY

Please enter your comment!
Please enter your name here