ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ


ਪਟਿਆਲਾ (ਦ ਸਟੈਲਰ ਨਿਊਜ਼): ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵੱਲੋਂ ‘ਸਾਈਬਰ ਹਮਲੇ ਅਤੇ ਸਾਈਬਰ ਅੱਤਵਾਦ’ ਵਿਸ਼ੇ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਕੁਸੁਮ ਲਤਾ ਦੀ ਦੇਖ-ਰੇਖ ਹੇਠ ਕਰਵਾਏ ਸੈਮੀਨਾਰ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ 200 ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ: ਰਾਮ ਕੁਮਾਰ ਨੇ ਸਵਾਗਤੀ ਭਾਸ਼ਣ ਨਾਲ ਕੀਤੀ । ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੁੱਜੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਅਨਿਲ ਵਰਮਾ ਨੇ ਕਿਹਾ ਕਿ ਸਾਈਬਰ ਅਪਰਾਧ ਨਵੇਂ ਡਿਜੀਟਲ ਇੰਡੀਆ ਲਈ ਇੱਕ ਉੱਭਰਦਾ ਮੁੱਦਾ ਬਣ ਰਿਹਾ ਹੈ ਅਤੇ ਇਸ ਤੋਂ ਸੁਰੱਖਿਅਤ ਰਹਿਣ ਦੇ ਕਈ ਤਰੀਕੇ ਹਨ। ਉਹਨਾਂ ਹਾਜ਼ਰੀਨ ਨੂੰ ਧੋਖੇਬਾਜ਼ਾਂ ਦੁਆਰਾ ਵਰਤੀਆਂ ਜਾਂਦੀਆਂ ਵੱਖ-ਵੱਖ ਚਾਲਾਂ ਦੇ ਨਾਲ-ਨਾਲ ਕੁਝ ਆਮ ਸਾਈਬਰ ਅਤੇ ਮੋਬਾਈਲ ਧੋਖਾਧੜੀਆਂ ਬਾਰੇ ਉਦਾਹਰਣਾਂ ਦੇ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਸਾਈਬਰ ਅਪਰਾਧ ਤੋਂ ਬਚਣ ਲਈ ਸੁਚੇਤ ਹੋਣਾ ਤੇ ਸਮੇਂ ਦਾ ਹਾਣੀ ਬਣੇ ਰਹਿਣਾ ਬਹੁਤ ਜ਼ਰੂਰੀ ਹੈ।

Advertisements


ਡਾ. ਅਨਿਲ ਵਰਮਾ ਨੇ ਕਿਹਾ ਕਿ ਸਾਈਬਰ ਅਪਰਾਧ ਦੀਆਂ ਵੱਧ ਰਹੀਆਂ ਘਟਨਾਵਾਂ ਪਿਛੇ ਤਕਨਾਲੋਜੀ ਦੀ ਵਰਤੋਂ ਸਮੇਂ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਕਾਰਨ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵੀਂਆਂ ਤਕਨੀਕਾਂ ਦੀ ਵਰਤੋਂ ਸੁਚੇਤ ਹੋ ਕਿ ਤੇ ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਕੀਤੀ ਜਾਵੇ ਤਾਂ ਅਜਿਹੇ ਸਾਈਬਰ ਹਮਲੇ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ ਸਮੇਤ ਸਾਈਬਰ ਹਮਲਿਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।


ਪ੍ਰੋ. ਰਾਮ ਕੁਮਾਰ ਨੇ ਕਿਹਾ ਕਿ ਜੇਕਰ ਤਕਨੀਕ ਦੀ ਵਰਤੋਂ ਸਹੀ ਤਰ੍ਹਾਂ ਕੀਤੀ ਜਾਵੇ ਤਾਂ ਇਹ ਵਰਦਾਨ ਹੈ ਤੇ ਜੇਕਰ ਇਸ ਦੀ ਵਰਤੋਂ ਵਿੱਚ ਅਣਗਹਿਲੀ ਕੀਤੀ ਜਾਵੇ ਤਾਂ ਇਹ ਆਰਥਿਕ ਨੁਕਸਾਨ ਦੇ ਨਾਲ ਨਾਲ ਕਈ ਹੋਰਨਾਂ ਖਤਰਿਆਂ ਨੂੰ ਵੀ ਜਨਮ ਦਿੰਦੀ ਹੈ। ਸਮਾਗਮ ਦੀ ਸਮਾਪਤੀ ਮੌਕੇ ਡਾ. ਵਨੀਤਾ ਰਾਣੀ ਨੇ ਹਾਜ਼ਰੀਨ ਦਾ ਧੰਨਵਾਦੀ ਕੀਤਾ। ਇਸ ਮੌਕੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਅੱਪਰਾ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here