ਵੋਟਰ ਸੂਚੀਆਂ ਦੀ ਸੁਧਾਈ ਲਈ ਪੋਲਿੰਗ ਸਟੇਸ਼ਨਾਂ ’ਤੇ 19, 20 ਨਵੰਬਰ ਅਤੇ 3, 4 ਦਸੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ: ਚੋਣ ਅਫ਼ਸਰ

ਗੁਰਦਾਸਪੁਰ(ਦ ਸਟੈਲਰ ਨਿਊਜ਼): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2023 ਦੇ ਅਧਾਰ ’ਤੇ ਜ਼ਿਲ੍ਹੇ ਦੇ 7 ਵਿਧਾਨ ਸਭਾ ਚੋਣ ਹਲਕਿਆਂ ਦੇ ਵੋਟਰਾਂ ਲਈ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ਡਿਊਲ ਅਨੁਸਾਰ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 09 ਨਵੰਬਰ, 2022 ਤੋਂ ਸ਼ੁਰੂ ਹੋ ਚੁੱਕਾ ਹੈ ਜੋ 08 ਦਸੰਬਰ 2022 ਤੱਕ ਕੀਤਾ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਵੱਲੋਂ 19 ਨਵੰਬਰ 2022 (ਦਿਨ ਸ਼ਨੀਵਾਰ), 20 ਨਵੰਬਰ 2022 (ਦਿਨ ਐਤਵਾਰ), 03 ਦਸੰਬਰ, 2022 (ਦਿਨ ਸ਼ਨੀਵਾਰ) ਅਤੇ 04 ਦਸੰਬਰ,2022 (ਦਿਨ ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ-ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।

Advertisements

ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2023 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6 ਭਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਸਾਲ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੋਜਵਾਨ ਵਰਗ ਦੇ ਬੱਚਿਆਂ ਦੀ ਬਤੌਰ ਵੋਟਰ ਰਜਿਸਟੇਸ਼ਨ ਕਰਨ ਦੇ ਮੰਤਵ ਨੂੰ ਉਨ੍ਹਾਂ ਦੀ 18 ਸਾਲ ਉਮਰ ਪੂਰਾ ਕਰਨ ਦੀ ਯੋਗਤਾ ਮਿਤੀ ਦੇ ਆਧਾਰ ’ਤੇ ਅਡਵਾਂਸ ਫਾਰਮ ਨੰਬਰ 6 ਪ੍ਰਾਪਤ ਕਰਨ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਹੁਣ ਸਾਲ 2023 ਵਿੱਚ ਪੈਂਦੀਆਂ ਕੁਲ ਚਾਰ ਤਿਮਾਹੀਆ ਯੋਗਤਾ ਮਿਤੀ 01 ਜਨਵਰੀ 2023 , 01 ਅਪ੍ਰੈਲ 2023, 01 ਜੁਲਾਈ 2023, ਅਤੇ 01 ਅਕਤੂਬਰ 2023 ਅਨੁਸਾਰ ਕਿਸੇ ਵੀ ਯੋਗਤਾ ਮਿਤੀ ਨੂੰ ਬਿਨੈਕਾਰ ਦੀ ਉਮਰ 18 ਸਾਲ ਪੂਰੀ ਹੋ ਜਾਂਦੀ ਹੈ (ਭਾਵ ਜਿਸਦੀ ਉਮਰ ਮਿਤੀ 01 ਜਨਵਰੀ 2023 ਨੂੰ 18 ਸਾਲ ਦੀ ਪੂਰੀ ਨਹੀਂ ਹੁੰਦੀ, ਪਰੰਤੂ ਉਸਦੀ ਉਮਰ ਸਾਲ ਦੀ ਅਗਲੀ ਤਿੰਨ ਯੋਗਤਾ ਮਿਤੀ ਅਨੁਸਾਰ 18 ਸਾਲ ਪੂਰੀ ਹੋ ਜਾਂਦੀ ਹੈ)  ਤਾਂ ਅਜਿਹੇ ਬਿਨੈਕਾਰ ਆਪਣੀ ਵੋਟ ਬਨਾਉਣ ਲਈ ਐਡਵਾਂਸ ਵਿੱਚ ਫ਼ਾਰਮ ਨੰਬਰ 6 ਭਰਕੇ ਦੇ ਸਕਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਫਾਇਦਾ ਉਠਾਉਣ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ, ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਸਬੰਧਤ ਫਾਰਮ ਭਰ ਕੇ ਜਰੂਰ ਜਮ੍ਹਾਂ ਕਰਵਾਉਣ, ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ ਅਤੇ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹੇ।    

LEAVE A REPLY

Please enter your comment!
Please enter your name here