ਗੁਰਦੁਆਰਾ ਸਿੰਘ ਸਭਾ, ਦਸੂਹਾ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਨੁਮਾਇੰਦਿਆਂ ਵਲੋਂ ਐੱਸ.ਪੀ.ਡੀ ਮਨਜੀਤ ਸੈਣੀ ਨੂੰ ਦਿੱਤਾ ਮੈਮੋਰੰਡਮ ਅਤੇ ਕੀਤੀ ਪ੍ਰੈੱਸ ਕਾਨਫਰੰਸ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਗੁਰਦੁਆਰਾ ਸਿੰਘ ਸਭਾ ਦਸੂਹਾ ਦੇ ਅਹੂਦੇਦਾਰਾਂ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਅੱਜ ਸਾਂਝੇ ਰੂਪ ਵਿੱਚ ਐੱਸ.ਪੀ.ਡੀ ਮਨਜੀਤ ਕੌਰ ਸੈਣੀ ਨੂੰ ਮੈਮੋਰੰਡਮ ਦੇ ਕੇ ਗੁਰਦੁਆਰਾ ਸਿੰਘ ਸਭਾ ਦਸੂਹਾ ਦੇ ਫੰਡਾਂ ਨੂੰ ਖੁਰਦ-ਬੁਰਦ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਪ੍ਰੈੱਸ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਦਸੂਹਾ ਰਜਿਸਟਰਡ ਸੁਸਾਇਟੀ ਰਾਹੀਂ ਸੰਨ 2007 ਤੋਂ ਚੁਣੀ ਹੋਈ ਪ੍ਰਬੰਧਕ ਕਮੇਟੀ ਰਾਹੀਂ ਚਲਾਇਆ ਜਾ ਰਿਹਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਸਥਾਨਕ ਪੁਲਿਸ ਅਫਸਰਾਂ ਦੀ ਮਿਲੀਭੁਗਤ ਨਾਲ ਬਾਦਲ ਦਲ ਦੇ ਸਥਾਨਕ ਆਗੂਆਂ ਵਲੋਂ ਗੁੰਡਾਗਰਦੀ ਅਤੇ ਧੱਕੇਸ਼ਾਹੀ ਨਾਲ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੀਆਂ ਜਾਅਲੀ ਰਸੀਦ ਬੁੱਕਾਂ ਤੇ ਮੈਰਿਜ਼ ਸਰਟੀਫਿਕੇਟ ਬਣਾ ਕੇ ਫੰਡਾਂ ਨੂੰ ਖੁਰਦ-ਬੁਰਦ ਕੀਤਾ ਗਿਆ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਬਾਦਲ ਦਲ ਵਲੋਂ ਸੰਨ 2015 ਵਿੱਚ ਸਰਬੱਤ ਖ਼ਾਲਸਾ ਦੇ ਖ਼ਿਲਾਫ਼ ਇਹ ਸਟੈਂਡ ਲਿਆ ਸੀ ਕਿ ਕਾਨੂੰਨੀ ਕਮੇਟੀ ਦੇ ਖਿਲਾਫ਼ ਬਰਾਬਰ ਕਮੇਟੀ ਨਹੀਂ ਬਣਾਈ ਜਾ ਸਕਦੀ। ਜਦਕਿ ਸਥਾਨਕ ਗੁਰਦੁਆਰਾ ਸਿੱਖ ਸੰਗਤ ਵਲੋਂ ਸਵੈ-ਸਥਾਪਿਤ ਕੀਤਾ ਹੈ ਅਤੇ ਨਾ ਹੀ ਸੈਕਸ਼ਨ 85 ਤੇ 87 ਧਾਰਾ ਹੇਠ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਪਰਚਾ ਦਰਜ਼ ਹੋਣ ਦੇ ਬਾਵਜੂਦ ਵੀ ਬਾਦਲ ਦਲ ਅਤੇ ਕਾਮਰੇਡ ਲੀਡਰਾਂ ਦੇ ਦਬਾਅ ਹੇਠ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਅੱਜ ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੂਹਿਕ ਰੂਪ ਵਿਚ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਸਰਕਾਰ 10 ਦਿਨਾਂ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਸਰਕਾਰ ਦੇ ਖਿਲਾਫ਼ ਪੰਥਕ ਸੰਘਰਸ਼ ਆਰੰਭ ਕੀਤਾ ਜਾਵੇਗਾ। ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਮਨਜੀਤ ਸਿੰਘ ਦਸੂਹਾ, ਨੋਬਲਜੀਤ ਸਿੰਘ, ਐਡਵੋਕੇਟ ਸਿਮਰਜੀਤ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਕੰਵਲਪ੍ਰੀਤ ਸਿੰਘ, ਸੁਖਮਨ ਸਿੰਘ ਧਾਲੀਵਾਲ, ਰਣਵੀਰ ਸਿੰਘ ਬੈਂਸਤਾਨੀ, ਸੁਖਵਿੰਦਰ ਸਿੰਘ ਹੁਸ਼ਿਆਰਪੁਰ, ਤਰਸੇਮ ਸਿੰਘ, ਜਗਮੋਹਨ ਸਿੰਘ, ਅਤਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here