
ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੁਲਿਸ ਨਾਲ ਮੁੱਠਭੇੜ ਤੋਂ ਬਾਅਦ ਜ਼ਖ਼ਮੀ ਹੋਏ ਬੰਬੀਹਾ ਗਰੁੱਪ ਦੇ ਮੈਂਬਰ ਦੇ ਸਥਾਨਕ ਮੈਡੀਕਲ ਹਸਪਤਾਲ ਵਿੱਚੋਂ ਫ਼ਰਾਰ ਹੋ ਜਾਣ ਦਾ ਮਾਮਲੇ ਵਿੱਚ ਥਾਣਾ ਸਿਟੀ ਵਿਖੇ ਏ.ਐੱਸ.ਆਈ. ਸਮੇਤ 6 ਤੇ ਮੁਕੱਦਮਾ ਦਰਜ ਕਰ ਲਿਆ ਹੈ। ਇਹ ਮੁਕੱਦਮਾ ਸਹਾਇਕ ਥਾਣੇਦਾਰ ਜਸਵੰਤ ਰਾਏ ਥਾਣਾ ਸਿਟੀ-2 ਦੇ ਬਿਆਨਾਂ ਤੇ ਫ਼ਰਾਰ ਦੋਸ਼ੀ ਸੁਰਿੰਦਰਪਾਲ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਜੀਵਨ ਨਗਰ ਕੋਟਕਪੂਰਾ ਤੋਂ ਇਲਾਵਾ ਏ.ਐੱਸ.ਆਈ. ਨਾਨਕ ਚੰਦ, ਸਿਪਾਹੀ ਗੁਰਤੇਜ ਸਿੰਘ, ਪੀ.ਐੱਚ.ਸੀ. ਹਰਜਿੰਦਰ ਸਿੰਘ, ਹਰਪਾਲ ਸਿੰਘ ਅਤੇ ਪੀ.ਐੱਚ.ਸੀ. ਰਜਿੰਦਰ ਕੁਮਾਰ ਤੇ ਦਰਜ ਕੀਤਾ ਗਿਆ ਹੈ।

ਬਿਆਨ ਕਰਤਾ ਅਨੁਸਾਰ ਜਿਸ ਵੇਲੇ ਉਸ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਹੌਲਦਾਰ ਅੰਗਰੇਜ ਸਿੰਘ ਨੇ ਆ ਕੇ ਦੱਸਿਆ ਕਿ ਉਸ ਦੀ ਡਿਊਟੀ ਇਲਾਜ ਲਈ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਉਕਤ ਦੋਸ਼ੀ ਤੇ ਲੱਗੀ ਹੈ ਤੇ ਜਦੋਂ ਉਹ ਸਵੇਰੇ ਹਸਪਤਾਲ ਵਿਖੇ ਆਪਣੀ ਡਿਊਟੀ ਤੇ ਗਿਆ ਤਾਂ ਉਕਤ ਦੋਸ਼ੀ ਹਸਪਤਾਲ ਦੇ ਬੈੱਡ ਤੇ ਨਹੀਂ ਸੀ ਜੋ ਰਾਤ ਸਮੇਂ ਪੁਲਿਸ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਫ਼ਰਾਰ ਹੋ ਗਿਆ।












