ਸਾਹਿਤਯ ਸੌਰਭ ਅਕੈਡਮੀ ਪੰਜਾਬ ਵੱਲੋਂ ਪ੍ਰਸਿੱਧ ਨਾਵਲਕਾਰ ਯਸ਼ਪਾਲ ਜੀ ਦੇ ਨਾਵਲ ’ਡਗ ਮਗ ਕਸ਼ਤੀ ਦੂਰ ਕਿਨਾਰਾ ’ ਦਾ ਕੀਤਾ ਲੋਕ ਅਰਪਣ

ਪਠਾਨਕੋਟ (ਦ ਸਟੈਲਰ ਨਿਊਜ਼): ਸਾਹਿਤਯ ਸੌਰਭ ਅਕੈਡਮੀ ਪੰਜਾਬ, ਪਠਾਨਕੋਟ ਵੱਲੋਂ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਪਠਾਨਕੋਟ ਦੇ ਸਹਿਯੋਗ ਨਾਲ ਐੱਸ. ਐੱਮ. ਡੀ .ਆਰ. ਐੱਸ .ਡੀ .ਕਾਲਜ ਆਫ਼ ਐਜੂਕੇਸ਼ਨ, ਪਠਾਨਕੋਟ ਵਿੱਚ ਪ੍ਰਸਿੱਧ ਨਾਵਲਕਾਰ ਯਸ਼ਪਾਲ ਸ਼ਰਮਾ ਜੀ ਦੇ ਨਾਵਲ ’ਡਗ ਮਗ ਕਸ਼ਤੀ ਦੂਰ ਕਿਨਾਰਾ ’ ਦਾ ਲੋਕ ਅਰਪਣ ਤੇ ਵਿਚਾਰ -ਗੋਸ਼ਟੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ ਜਨਰਲ, ਪਠਾਨਕੋਟ ਮੇਜਰ ਡਾ.ਸੁਮਿੱਤ ਮੁੱਧ ਜੀ ਨੇ ਸ਼ਮੂਲੀਅਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਨਾਟਕਕਾਰ ਡਾ.ਦਰਸ਼ਨ ਤ੍ਰਿਪਾਠੀ ਜੀ, ਪ੍ਰਸਿੱਧ ਸਾਹਿਤਕਾਰ ਡਾ.ਧਰਮਪਾਲ ਸਾਹਿਲ ਅਤੇ ਸਟੇਟ ਅਵਾਰਡੀ ਪ੍ਰਿੰਸੀਪਲ ਸ.ਜਸਕਰਨਜੀਤ ਸਿੰਘ ਜੀ ਸ਼ਾਮਲ ਹੋਏ। ਇਸ ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਜੀ ਨੂੰ ਫੁੱਲਾਂ ਨਾਲ ਸਜਿਆ ਹੋਇਆ ਗਮਲਾ ਪ੍ਰਦਾਨ ਕਰਕੇ ਸਵਾਗਤ ਕਰਨ ਨਾਲ ਕੀਤਾ ਗਿਆ। ਇਸ ਉਪਰੰਤ ਆਏ  ਮਹਿਮਾਨਾਂ ਵੱਲੋਂ ਜੋਤੀ ਪ੍ਰਜਵੱਲਿਤ ਕੀਤੀ ਗਈ।

Advertisements

ਉਪਰੰਤ ਅਕਾਡਮੀ ਦੇ ਪ੍ਰਧਾਨ ਡਾ. ਕੇਵਲ ਕ੍ਰਿਸ਼ਨ ਨੇ ਆਏ ਹੋਏ ਮਹਿਮਾਨਾਂ ਨੂੰ ਸਵਾਗਤੀ ਬੋਲਾਂ ਦੇ ਰਾਹੀਂ ’ਜੀ ਆਇਆਂ ਨੂੰ’ ਕਿਹਾ ਤੇ ਅਕਾਡਮੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ’ਤੇ ਰੋਸ਼ਨੀ ਪਾਉਂਦੇ ਹੋਏ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਿਆ। ਮੁੱਖ ਮਹਿਮਾਨ ਅਤੇ ਆਏ ਹੋਏ ਸਭ ਮਹਿਮਾਨਾਂ ਤੇ ਵਿਦਵਾਨਾਂ ਵੱਲੋਂ ਯਸ਼ਪਾਲ ਸ਼ਰਮਾ ਜੀ ਦੇ ਨਾਵਲ ’ਡਗ ਮਗ ਕਸ਼ਤੀ ਦੂਰ ਕਿਨਾਰਾ’ ਨੂੰ ਆਪਣੇ ਕਰ ਕਮਲਾਂ ਨਾਲ ਲੋਕ ਅਰਪਿਤ ਕੀਤਾ ਗਿਆ। ਇਸ ਪੁਸਤਕ ’ਤੇ ਖੋਜ ਪੇਪਰ ਡਾ.ਪੰਕਜ ਮਹਾਜਨ ਤੇ ਪ੍ਰੋ. ਕਵਿਤਾ ਪਠਾਨੀਆ ਹੋਰਾਂ ਵੱਲੋਂ ਪੜ੍ਹਿਆ ਗਿਆ, ਜਿਸ ਵਿੱਚ ਉਨ੍ਹਾਂ ਇਸ ਰਚਨਾ ਦੇ ਵਿਭਿੰਨ ਪੱਖਾਂ ’ਤੇ ਚਰਚਾ ਕੀਤੀ ਤੇ ਇਸ ਰਚਨਾ ਨੂੰ ਇੱਕ ਉਤਕ੍ਰਿਸ਼ਟ ਰਚਨਾ ਦੱਸਿਆ।ਡਾ.ਦਰਸ਼ਨ ਤ੍ਰਿਪਾਠੀ ਜੀ, ਡਾ. ਧਰਮਪਾਲ ਸਾਹਿਲ, ਤੇ ਪ੍ਰਿੰਸੀਪਲ ਜਸਕਰਨਜੀਤ ਸਿੰਘ ਹੋਰਾਂ ਵੱਲੋਂ ਇਸ ਨਾਵਲ ਬਾਰੇ, ਸਾਹਿਤ ਦੀ ਰਚਨਾ ਪ੍ਰਕਿਰਿਆ ਬਾਰੇ, ਸਾਹਿਤ ਦੀ ਸਮਾਜੀ ਭੂਮਿਕਾ ਬਾਰੇ ਤੇ ਸਾਹਿਤਕਾਰ ਦੀ ਜ਼ਿੰਮੇਵਾਰੀ ਬਾਰੇ ਰੋਸ਼ਨੀ ਪਾਈ ਗਈ।

ਜ਼ਿਲ੍ਹਾ ਭਾਸ਼ਾ ਅਫ਼ਸਰ ਪਠਾਨਕੋਟ ਡਾ. ਸੁਰੇਸ਼ ਮਹਿਤਾ ਹੋਰਾਂ ਦੇ ਨਾਵਲਕਾਰ ਯਸ਼ਪਾਲ ਸ਼ਰਮਾ ਜੀ ਨੂੰ ਇਸ ਮੌਕੇ ’ਤੇ ਵਧਾਈ ਦਿੰਦਿਆਂ ਕਿਹਾ ਕਿ ਯਸ਼ਪਾਲ ਸ਼ਰਮਾ ਜੀ ਨਿਰੰਤਰ ਸਾਹਿਤ ਸਿਰਜਣਾ ਕਰਨ ਵਾਲੇ ਉਹ ਸਾਹਿਤਕਾਰ ਹਨ ਜੋ ਸਮਾਜ ਨੂੰ ਨਵੀਂਆਂ ਰਾਹਾਂ ’ਤੇ ਤੋਰ ਕੇ ਇੱਕ ਸੁਹਣਾ ਸਮਾਜ ਸਿਰਜਣਾ ਚਾਹੁੰਦੇ ਹਨ। ਸਮਾਜਿਕ ਦਸ਼ਾ ਨੂੰ ਉਹ ਆਪਣੀਆਂ ਰਚਨਾਵਾਂ ਵਿੱਚ ਵਸਤੂ ਵਜੋਂ ਪੇਸ਼ ਕਰਦੇ ਹੋਏ ਰੋਸ਼ਨੀ ਪ੍ਰਦਾਨ ਕਰਕੇ ਨਵੀਂਆਂ ਦਿਸ਼ਾਵਾਂ ਵੱਲ ਤੋਰਨ ਲਈ ਨਿਰੰਤਰਤਾ ਨਾਲ ਸਾਹਿਤ ਰਾਹੀਂ ਯੋਗਦਾਨ ਪਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਮੀਨਾਕਸ਼ੀ ਵਿੱਗ ਜੀ ਵੱਲੋਂ ਕਾਲਜ ਦੇ ਵਿਹੜੇ ਵਿੱਚ ਪਹੁੰਚਣ ਵਾਲੇ ਅਦੀਬਾਂ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ’ਜੀ ਆਇਆਂ ਨੂੰ’ ਆਖਿਆ ਅਤੇ ਅਕਾਡਮੀ ਅਤੇ ਭਾਸ਼ਾ ਵਿਭਾਗ, ਪਠਾਨਕੋਟ ਵੱਲੋਂ ਆਯੋਜਿਤ ਇਸ ਸਾਹਿਤਕ ਸਮਾਗਮ ਲਈ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਲਈ ਇਹ ਬਹੁਤ ਲਾਹੇਵੰਦ ਸਮਾਰੋਹ ਹੈ। ਉਨ੍ਹਾਂ ਇੱਕ ਨਜ਼ਮ ਦੇ ਰਾਹੀਂ ਸਾਹਿਤ ਦੀ ਪਰਿਭਾਸ਼ਾ, ਉਦੇਸ਼, ਸਾਹਿਤ ਦੀ ਦੇਣ ਆਦਿ ਬਾਰੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਚਾਨਣ ਪਾਇਆ ਜਿਸ ਦੀ ਸਭ ਵੱਲੋਂ ਖ਼ੂਬ ਸ਼ਲਾਘਾ ਕੀਤੀ ਗਈ। ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਸੁਸ਼ਮਾ ਜੀ ਨੇ ਵੀ ਸਾਹਿਤ ਰਚਨਾ ਦੇ ਸੰਦਰਭ ਵਿੱਚ ਇਸ ਨਾਵਲ ਦੀ ਰਚਨਾ ’ਤੇ ਗੱਲ ਕੀਤੀ।

ਮੁੱਖ ਮਹਿਮਾਨ ਜੀ ਵੱਲੋਂ ਪੁਸਤਕ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਖ਼ਾਸ ਤੌਰ ’ਤੇ ਵਿਦਿਆਰਥੀ ਅਧਿਆਪਕਾਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਅਕਾਡਮੀ ਦੀ ਜਨਰਲ ਸਕੱਤਰ ਡਾ.ਦਿਨੇਸ਼ ਸ਼ਰਮਾ ਜੀ ਨੇ ਅਕਾਡਮੀ ਵੱਲੋਂ ਕਰਵਾਏ ਜਾ ਰਹੇ ਇਸ ਚੋਦ੍ਹਵੇਂ ਪੁਸਤਕ ਲੋਕ ਅਰਪਣ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਕੀਤੇ ਸਭ ਦੇ ਯਤਨਾਂ ਲਈ ਧੰਨਵਾਦ ਕੀਤਾ ਤੇ ਇਸ ਸਫ਼ਲ ਸਮਾਗਮ ਲਈ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਆਏ ਹੋਏ ਮਹਿਮਾਨਾਂ ਨੂੰ ਸਨਮਾਨ ਤੇ ਯਾਦ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।

ਨਾਵਲਕਾਰ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਸ ਸਮਾਰੋਹ ਨੂੰ ਚਾਰ ਚੰਨ ਲਾਉਣ ਵਾਲੇ ਸਭ ਅਦੀਬਾਂ, ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਧੰਨਵਾਦ ਕਿਹਾ ਤੇ ਕਿਹਾ ਕਿ ਉਨ੍ਹਾਂ ਦੀ ਆਮਦ ਨਾਲ ਸਮਾਗਮ ਖੂਬਸੂਰਤ, ਹੁਸੀਨ ਤੇ ਰੰਗੀਨ ਬਣ ਗਿਆ ਹੈ। ਇਸ ਸਮਾਰੋਹ ਨੂੰ ਸਫ਼ਲ ਬਣਾਉਣ ਤੇ ਯਾਦਗਾਰੀ ਬਣਾਉਣ ਵਿੱਚ ਅਕਾਡਮੀ ਦੇ ਕੈਸ਼ੀਅਰ ਰਾਕੇਸ਼ ਅਗਰਵਾਲ, ਹਰਜੀਤ ਸਿੰਘ, ਖੋਜ ਅਫ਼ਸਰ ਰਾਜੇਸ਼ ਕੁਮਾਰ ਤੇ ਕਾਲਜ ਦੇ ਭਾਸ਼ਾ ਮੰਚ ਦੇ ਇੰਚਾਰਜ ਪ੍ਰੋ. ਰਮਾ ਦੀ ਅਹਿਮ ਭੂਮਿਕਾ ਰਹੀ। ਮੰਚ ਦਾ ਸੰਚਾਲਨ ਪ੍ਰੋ. ਆਸ਼ੂ ਸ਼ਰਮਾ ਹੋਰਾਂ ਵੱਲੋਂ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ।

LEAVE A REPLY

Please enter your comment!
Please enter your name here