
ਨਵੀਂ ਦਿੱਲੀ (ਦ ਸਟੈਲਰ ਨਿਊਜ਼)। 12 ਜੂਨ ਨੂੰ ਕੁਵੈਤ ਦੇ ਮੰਗਾਫ਼ ਸ਼ਹਿਰ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਕਾਰਣ 49 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਭਾਰਤੀ ਹਵਾਈ ਸੈਨਾ ਦਾ ਇੱਕ ਵਿਸ਼ੇਸ਼ ਜਹਾਜ਼ ਕੁਵੈਤ ਦੇ ਮੰਗਾਫ਼ ਵਿੱਚ ਲੱਗੀ ਭਿਆਨਕ ਅੱਗ ਵਿੱਚ ਮਾਰੇ ਗਏ 45 ਭਾਰਤੀਆਂ ਦੀਆਂ ਦੇਹਾਂ ਨੂੰ ਭਾਰਤ ਲੈ ਕੇ ਪਹੁੰਚਿਆਂ। ਦੱਸਿਆ ਜਾ ਰਿਹਾ ਹੈ ਕਿ ਕੇਰਲ ਦੇ ਕੋਚੀ ਹਵਾਈ ਅੱਡੇ ਤੇ ਜਹਾਜ਼ ਉਤਰਿਆ, ਕਿਉਂਕਿ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਕੇਰਲ ਦੀ ਸੀ।

ਜਾਣਕਾਰੀ ਮੁਤਾਬਕ ਤਾਮਿਲਨਾਡੂ ਦੇ 7, ਆਂਧਰਾ ਪ੍ਰਦੇਸ਼-ਉੱਤਰ ਪ੍ਰਦੇਸ਼ ਦੇ 3-3 ਅਤੇ ਬਿਹਾਰ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਪੰਜਾਬ ਅਤੇ ਪੱਛਮੀ ਬੰਗਾਲ ਤੋਂ 1-1 ਵਿਅਕਤੀ ਸ਼ਾਮਲ ਹਨ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਗਏ ਸਨ ਤੇ ਉਹਨਾਂ ਨੇ ਹਸਪਤਾਲਾਂ ਦਾ ਦੌਰਾ ਕੀਤਾ ਜਿੱਥੇ ਜ਼ਖਮੀ ਭਾਰਤੀਆਂ ਦਾ ਇਲਾਜ ਕੀਤਾ ਜਾ ਰਿਹਾ ਸੀ। ਕੀਰਤੀ ਵਰਧਨ ਸਿੰਘ ਉਸੇ ਹਵਾਈ ਜਹਾਜ਼ ਰਾਹੀਂ ਵਾਪਸ ਪਰਤ ਆਏ ਹਨ, ਜਿਸ ਰਾਹੀਂ ਲਾਸ਼ਾਂ ਲਿਆਂਦੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 48 ਲਾਸ਼ਾਂ ਦੀ ਪਛਾਣ ਡੀਐਨਏ ਟੈਸਟ ਰਾਹੀਂ ਹੋਈ ਸੀ, ਜਿਨ੍ਹਾਂ ਵਿਚੋਂ 45 ਭਾਰਤੀ, ਜਦੋਂ ਕਿ 3 ਫਿਲੀਪੀਨਜ਼ ਦੀਆਂ ਸਨ।












