
ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਪਿੰਡ ਪਾਕਾ ਵਿਖੇ ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ ਉਮਰ 58 ਸਾਲਾਂ ਤੇ ਉਸਦਾ ਪੁੱਤਰ ਹਰਮੀਤ ਸਿੰਘ ਉਮਰ 28 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਨੇ ਪਿੰਡ ਵਿੱਚ 8 ਏਕੜ ਜ਼ਮੀਨ ਠੇਕੇ ਤੇ ਲਈ ਸੀ ਤੇ ਜਿਹੜੀ ਜ਼ਮੀਨ ਠੇਕੇ ਤੇ ਲਈ ਸੀ, ਉਸ ਜ਼ਮੀਨ ਤੇ ਪਹਿਲਾਂ ਠੇਕੇ ਤੇ ਲੈ ਕੇ ਖੇਤੀ ਕਰਨ ਵਾਲੇ ਮੁਲਜ਼ਮ ਉਨ੍ਹਾਂ ਤੋਂ ਰੰਜਿਸ਼ ਰੱਖਦੇ ਹਨ।

ਅਵਤਾਰ ਅਤੇ ਉਸਦਾ ਲੜਕਾ ਹਰਮੀਤ ਖੇਤਾਂ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਸਨ ਤਾਂ ਉਕਤ ਮੁਲਜ਼ਮ ਮੌਕੇ ਤੇ ਆਏ ਅਤੇ ਪਹਿਲਾਂ ਉਸਦੇ ਭਤੀਜੇ ਹਰਮੀਤ ਨੂੰ ਰਿਵਾਲਵਰ ਨਾਲ ਗੋਲ਼ੀ ਮਾਰ ਦਿੱਤੀ ਅਤੇ ਫਿਰ ਅਵਤਾਰ ਨੂੰ ਗੋਲ਼ੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਪਹਿਲਾਂ ਉਕਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾ ਇਹ ਜ਼ਮੀਨ ਵਾਹੁੰਦੇ ਸਨ ਪਰ ਹੁਣ ਦੋ ਸਾਲਾਂ ਤੋਂ ਅਵਤਾਰ ਠੇਕੇ ਤੇ ਲੈ ਕੇ ਜ਼ਮੀਨ ਵਾਹਾਉਦਾ ਹੈ। ਇਸੇ ਗੱਲ ਦੀ ਇਹ ਲੋਕ ਰੰਜਿਸ਼ ਰੱਖਦੇ ਸਨ। ਜਿਸਦੇ ਚਲਦਿਆਂ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਵੇ ਪਿਓ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।











