
ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ ਰਾਜ ਪਾਲ ਸਿੰਘ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਚ ਚੱਲ ਰਹੇ ਸਮੁੱਚੇ ਪ੍ਰਗਤੀ ਅਧੀਨ ਵਿਕਾਸ ਕਾਰਜਾਂ ਦਾ ਜਾਇਜਾ ਲੈਦਿਆਂ ਕਿਹਾ ਕਿ ਸਮੁੱਚੇ ਪ੍ਰਗਤੀ ਅਧੀਨ ਵਿਕਾਸ ਕਾਰਜ ਨਿਰਧਾਰਿਤ ਸਮੇਂ ਸੀਮਾ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਦੀ ਡਿਪਟੀ ਕਮਿਸ਼ਨਰ ਡਾ.ਪੱਲਵੀ ਦੀ ਅਗਵਾਈ ਹੇਠ ਜ਼ਿਲ੍ਹਾ ਨਿਵਾਸੀਆਂ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਪ੍ਰਾਥਮਿਕਤਾ ਹੈ। ਸਮੂਹ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਵਾਂ ਮੁਹੱਈਆਂ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਬੁਨਿਆਂਦੀ ਸਹੂਲਤਾਵਾਂ ਮੁਹੱਈਆ ਹੋ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕ ਭਲਾਈ ਸਕੀਮਾਂ ਦੇ ਨਾਲ ਵਿਕਾਸ ਕਾਰਜਾਂ ਦਾ ਜਾਇਜਾ ਲੈਦਿਆਂ 15ਵੇਂ ਵਿੱਤ ਕਮਿਸ਼ਨ ਦੀ ਅਣਵਰਤੀ ਰਾਸ਼ੀ, ਕੇਂਦਰ ਸਰਕਾਰ ਵੱਲੋਂ ਸਪਾਂਸਰਡ ਸਕੀਮਾਂ ਦੀ ਅਣਵਰਤੀ ਰਾਸ਼ੀ ਅਤੇ ਐਸ.ਐਨ.ਏ. ਖਾਤੇ ਵਿੱਚ ਬਕਾਇਆ ਫੰਡਾਂ ਬਾਰੇ ਜਾਣਕਾਰੀ ਇੱਕਤਰ ਕੀਤੀ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਗੁਣੱਵਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ। ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਵੱਖ ਵੱਖ ਸਕੀਮਾਂ ਤਹਿਤ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ।

ਰਾਜ ਪਾਲ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵੱਖ ਵੱਖ ਵਿਕਾਸ ਸਕੀਮਾਂ ਤਹਿਤ ਅਣਵਰਤੀ ਰਾਸ਼ੀ ਅਤੇ ਬਕਾਇਆ ਫੰਡ ਤੁਰੰਤ ਵਰਤੋਂ ਵਿੱਚ ਲਿਆਂਦੇ ਜਾਉਂਣ ਅਤੇ ਅਣਵਰਤੇ ਪੈਸੇ ਤੁਰੰਤ ਵਾਪਸ ਜਮ੍ਹਾਂ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਸੀਵਰੇਜ਼ ਟਰੀਟਮੈਂਟ ਪਲਾਂਟ ,ਵਾਟਰ ਟਰੀਟਮੈਂਟ ਪਲਾਂਟ, ਸੋਲਿਡ ਵੇਸਟ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਇੱਕਤਰ ਕੀਤੀ ਅਤੇ ਹਦਾਇਤ ਜਾਰੀ ਕੀਤੀ ਕਿ ਪੀਣ ਯੋਗ ਪਾਣੀ ਦੇ ਮਿਆਰ ਦੀ ਲਗਾਤਾਰ ਟੈਸਟਿੰਗ ਅਤੇ ਸਪੈਲਿੰਗ ਕੀਤੀ ਜਾਵੇ ਤਾਂ ਜੋ ਸ਼ਹਿਰ ਨਿਵਾਸ਼ੀਆਂ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆਂ ਹੋ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਬਰਾਸਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੀਆਂ ਨਾਲੀਆਂ, ਸੀਵਰੇਜ ਆਦਿ ਦੀ ਰੋਜ਼ਾਨਾ ਸਫਾਈ ਕਰਵਾਈ ਜਾਵੇ ਤਾਂ ਜੋ ਬਰਸਾਤ ਸਮੇਂ ਨਿਰਵਿਘਨ ਨਿਕਾਸੀ ਹੋ ਸਕੇ। ਇਸ ਤੋਂ ਇਲਾਵਾ ਪਾਣੀ,ਗੰਦਗੀ ਆਦਿ ਨਾਲ ਫੈਲਣ ਵਾਲੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਯੋਗ ਉਪਰਾਲੇ ਕੀਤੇ ਜਾਣ। ਸ਼ਹਿਰਾਂ ਦੀ ਹਦੂਦ ਅੰਦਰ ਸਟ੍ਰੀਟ ਲਾਈਟਾਂ ਦੇ ਪੁਖੱਤਾ ਪ੍ਰਬੰਧ ਕੀਤੇ ਜਾਣ ਅਤੇ ਸਟ੍ਰੀਟ ਲਾਈਟਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਖਰਾਬ ਹੋਣ ਦੀ ਸਰੂਤ ਵਿੱਚ ਤੁਰੰਤ ਠੀਕ ਕਰਵਾਇਆ ਜਾਵੇ। ਇਸ ਮੌਕੇ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਅਪਰ ਅਪਾਰ ਸਿੰਘ, ਕਾਰਜ ਸਾਧਕ ਅਫ਼ਸਰ ਅਮਰਗੜ੍ਹ/ਅਹਿਮਦਗੜ੍ਹ ਅਮਨਦੀਪ ਸਿੰਘ, ਜ਼ਿਲ੍ਹਾ ਨਗਰ ਯੋਜਨਾਕਾਰ ਤੇਜਿੰਦਰ ਸਿੰਘ, ਜੈ ਪ੍ਰਕਾਸ ਚੋਹਾਨ ਤੋਂ ਇਲਾਵਾ ਨਗਰ ਕੌਸਲਾਂ/ਪੰਚਾਇਤਾਂ ਦੇ ਏ.ਐਮ.ਈ, ਜੂਨੀਅਰ ਇੰਜੀਨੀਅਰ,ਹੋਰ ਤਕਨੀਕੀ ਅਧਿਕਾਰੀ ਮੌਜੂਦ ਸਨ।












