
ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ ਰਾਜ ਪਾਲ ਸਿੰਘ ਨੇ ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਮੌਕੇ ਆਯੋਜਿਤ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਰਾਸ਼ਟਰੀ ਅਤੇ ਸਮਰਪਨ ਦੀ ਭਾਵਨਾ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਜਾਦੀ ਦਿਵਸ ਸਾਡਾ ਕੌਮੀ ਤਿਓਹਾਰ ਹੈ। ਇਸ ਲਈ ਇਹ ਦਿਨ ਕੌਮੀ ਜਜਬੇ ਅਤੇ ਧੂਮਧਾਮ ਨਾਲ ਜ਼ਿਲ੍ਹਾ ਪੱਧਰ ਤੇ ਮਨਾਇਆ ਜਾਣਾ ਹੈ। ।ਇਸ ਲਈ ਸਾਰੇ ਵਿਭਾਗ ਉੱਚ ਦਰਜੇ ਦੀਆਂ ਤਿਆਰੀਆਂ ਕਰਨ ਤਾਂ ਜ਼ੋ ਇਹ ਦਿਨ ਯਾਦਗਾਰੀ ਢੰਗ ਨਾਲ ਮਨਾਇਆ ਜਾ ਸਕੇ।

ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਟਰੈਫਿਕ ਪ੍ਰਬੰਧ ਕਰਨ, ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਦੀ ਤਾਇਨਾਤੀ ਕਰਨ, ਕਾਰਜ ਸਾਧਕ ਅਫ਼ਸਰ ਨੂੰ ਸਟੇਡੀਅਮ ਦੀ ਸਫਾਈ ਦੇ ਨਾਲ ਨਾਲ ਸਟੇਡੀਅਮ ਦੇ ਚੋਤਰਫੇ ਦੀ ਸਫਾਈ, ਪਖਾਨਿਆ ਦੀ ਸਫਾਈ, ਬਿਜਲੀ ਵਿਭਾਗ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਇਸ ਮੌਕੇ ਸਬੰਧਤ ਵਿਭਾਗਾਂ ਨੂੰ ਸਾਫ ਸੁਥਰੇ ਪੀਣ ਯੋਗ ਪਾਣੀ ਦਾ ਪੁਖੱਤਾ ਪ੍ਰਬੰਧ ਕਰਨ ਲਈ ਵੀ ਕਿਹਾ। ਇਸ ਮੌਕੇ ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ, ਹਰਪ੍ਰੀਤ ਸਰਮਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ।












