
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਰੋਟਰੀ ਕਲੱਬ ਰੂਪਨਗਰ ਵੱਲੋਂ ਇੰਡੀਅਨ ਡੈਂਟਲ ਐਸੋਸੀਏਸ਼ਨ (ਆਈਡੀਏ) ਪੰਜਾਬ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੁਲਵੰਤ ਸਿੰਘ ਅਤੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਸਾਂਝੇ ਤੌਰ ’ਤੇ ਕੀਤਾ। ਇਸ ਕੈਂਪ ਦੌਰਾਨ ਜੇਲ੍ਹ ਦੇ 125 ਕੈਦੀਆਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦੇ ਚੇਅਰਮੈਨ ਅਤੇ ਆਈਡੀਏ ਪੰਜਾਬ ਦੇ ਪ੍ਰਧਾਨ ਡਾ.ਕੇ.ਐਸ ਦੇਵ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਦੰਦਾਂ ਦੇ ਚੈਕਅੱਪ ਕੈਂਪਾਂ ਦੀ ਲੜੀ ਤਹਿਤ ਆਈਡੀਏ ਵੱਲੋਂ ਜੇਲ੍ਹ ਵਿੱਚ ਅਜਿਹੇ ਲਗਭਗ ਛੇ ਕੈਂਪ ਲਗਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜੇਲ ਵਿਚ ਲੋੜ ਪੈਣ ‘ਤੇ ਜਨਰਲ ਚੈਕਅੱਪ ਅਤੇ ਛੋਟੇ ਅਪਰੇਸ਼ਨਾਂ ਤੋਂ ਇਲਾਵਾ ਵਿਸ਼ੇਸ਼ ਸਰਜਰੀ ਵੀ ਕੀਤੀ ਜਾਵੇਗੀ। ਡੈਂਟਲ ਸਰਜਨ ਰੋਟੇਰੀਅਨ ਡਾ. ਅੰਕੁਰ ਵਾਹੀ, ਰੋਟੇਰੀਅਨ ਡਾ. ਪਰਮਿੰਦਰ ਸਿੰਘ ਅਤੇ ਡਾ. ਸਨਪ੍ਰੀਤ ਸਿੰਘ, ਜੋ ਕਿ ਆਈਡੀਏ ਤੋਂ ਮੂੰਹ ਅਤੇ ਮੈਕਸੀਲੋ ਫੇਸ਼ੀਅਲ ਸਰਜਰੀ ਦੇ ਮਾਹਿਰ ਹਨ, ਦੀ ਟੀਮ ਹਾਜ਼ਰ ਸੀ।

ਰੋਟਰੀ ਡਿਸਟ੍ਰਿਕਟ 3080 ਦੇ ਜ਼ੋਨ 5 ਦੇ ਅਸਿਸਟੈਂਟ ਗਵਰਨਰ ਡਾ. ਭੀਮ ਸੈਨ ਨੇ ਦੱਸਿਆ ਕਿ ਜ਼ੋਨ 5 ਦੇ ਸਾਰੇ ਪੰਜ ਰੋਟਰੀ ਕਲੱਬਾਂ ਜਿਵੇਂ ਕਿ ਨੰਗਲ, ਆਨੰਦਪੁਰ ਸਾਹਿਬ ਰੂਪਨਗਰ ਵਿੱਚ ਵੀ ਇਸੇ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ। ਲੋੜ ਪੈਣ ‘ਤੇ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਦੰਦ ਵੀ ਦਿੱਤੇ ਜਾਣਗੇ।
ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਅਜਿਹੇ ਵਿਸ਼ੇਸ਼ ਕੈਂਪਾਂ ਦੇ ਆਯੋਜਨ ਲਈ ਰੋਟਰੀ ਕਲੱਬ ਰੂਪਨਗਰ ਅਤੇ ਇੰਡੀਅਨ ਡੈਂਟਲ ਐਸੋਸੀਏਸ਼ਨ ਰੂਪਨਗਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ•ਾਂ ਦੱਸਿਆ ਕਿ ਜੇਲ ਵਿਚ ਬੰਦ ਕੈਦੀਆਂ ਦੀ ਜੇਲ ਵਿਚ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਏ ਜਾਂਦੇ ਹਨ। ਇਸ ਕੈਂਪ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਅਨਿਲ ਭੰਡਾਰੀ ਅਤੇ ਜੇਲ੍ਹ ਦੇ ਮੈਡੀਕਲ ਸੈਂਟਰ ਦਾ ਪੈਰਾ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।












