
ਹੈਦਰਾਬਾਦ (ਦ ਸਟੈਲਰ ਨਿਊਜ਼)। ਹੈਦਰਾਬਾਦ ਦੇ ਸੁਲਤਾਨ ਬਾਜ਼ਾਰ ਵਿੱਚ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਅੱਗ ਪੂਰੀ ਇਮਾਰਤ ਵਿੱਚ ਫੈਲ ਗਈ ਤੇ ਇਮਾਰਤ ਦੇ ਨਜ਼ਦੀਕ ਖੜ੍ਹੀਆਂ ਕੁੱਝ ਗੱਡੀਆਂ ਨੂੰ ਵੀ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹੈਦਰਾਬਾਦ ਪਾਰਸ ਫਾਇਰ ਵਰਕਸ ਦੀ ਇੱਕ ਪਟਾਕਿਆਂ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਤੇ ਦੁਕਾਨ ਅੰਦਰ ਰੱਖੇ ਸਾਰੇ ਪਟਾਕੇ ਫਟਣੇ ਸ਼ੁਰੂ ਹੋ ਗਏ।

ਪਟਾਕਿਆਂ ਦੇ ਫਟਣ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਤੇ ਦੁਕਾਨ ਦੇ ਅੰਦਰ ਬੈਠੇ ਗਾਹਕ ਇਧਰ-ਉਧਰ ਭੱਜਣ ਲੱਗੇ। ਇਸ ਹਾਦਸੇ ਜੌਰਾਨ 1 ਔਰਤ ਵੀ ਜ਼ਖਮੀ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਇੱਕ ਰੈਸਟੋਰੈਂਟ ਤੇ ਕਈ ਕਾਰਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੁਕਾਨ ਦਾ ਕੋਈ ਸਰਟੀਫਿਕੇਟ ਨਹੀਂ ਹੈ ਤੇ ਇਹ ਦੁਕਾਨ ਗੈਰ-ਕਾਨੂੰਨੀ ਸੀ। ਫਿਲਹਾਲ ਪੁਲਿਸ ਨੇ ਦੁਕਾਨ ਮਾਲਕ ਖਿਲਾਫ ਮਾਮਲਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












