
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਗਿਆਸਪੁਰਾ ਵਿੱਚ ਬੀਤੀ ਦੇਰ ਰਾਤ ਇੱਕ ਘਰ ਵਿੱਚ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕੇ ਵਿੱਚ ਪਤੀ-ਪਤਨੀ ਤੇ 2 ਬੱਚੇ ਝੁਲਸ ਗਏ। ਜ਼ਖਮੀਆਂ ਦੀ ਪਹਿਚਾਣ ਕ੍ਰਿਸ਼ਨਾ ਪੰਡਿਤ, ਸੀਮਾ ਦੇਵੀ, ਸ਼ਿਵਮ ਅਤੇ ਸ਼ਿਵਾਨੀ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਲਲਿਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਕ੍ਰਿਸ਼ਨ ਪੰਡਿਤ ਛੋਟਾ ਸਿਲੰਡਰ ਬਾਹਰੋਂ ਭਰਾ ਕੇ ਲਿਆਇਆ ਸੀ ਤੇ ਜਿਵੇਂ ਹੀ ਉਸਦੀ ਪਤਨੀ ਸੀਮਾ ਨੇ ਖਾਣਾ ਬਣਾਉਣ ਲਈ ਗੈਸ ਚਾਲੂ ਕੀਤਾ ਤਾਂ ਸਿਲੰਡਰ ਵਿੱਚ ਧਮਾਕਾ ਹੋ ਗਿਆ ਤੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ।

ਧਮਾਕੇ ਦੀ ਅਵਾਜ਼ ਸੁਣ ਕੇ ਆਸਪਾਸ ਦੇ ਲੋਕ ਇੱਕਠੇ ਹੋ ਗਏ। ਲੋਕਾਂ ਨੇ ਅੱਗ ਤੇ ਕਾਬੂ ਪਾਇਆ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਹਾਦਸੇ ਦੌਰਾਨ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕ੍ਰਿਸ਼ਨਾ ਅਤੇ ਸੀਮਾ ਦੇ ਚਿਹਰੇ ਬੁਰੀ ਤਰ੍ਹਾਂ ਸੜ ਗਏ ਹਨ ਦੋਵੇਂ ਬੱਚੇ ਸ਼ਿਵਮ ਅਤੇ ਸ਼ਿਵਾਨੀ ਦੀਆਂ ਬਾਹਾਂ ਤੇ ਚਿਹਰਾ ਸੜ ਗਿਆ। ਪੂਰਾ ਪਰਿਵਾਰ 60 ਫੀਸਦੀ ਸੜ ਗਿਆ ਹੈ। ਫਿਲਹਾਲ ਉਹਨਾਂ ਦਾ ਇਲਾਜ਼ ਪੀ.ਜੀ.ਆਈ ਵਿਖੇ ਚੱਲ ਰਿਹਾ ਹੈ।












